ਸੈਨਿਕ ਸਕੂਲ 'ਚ ਦਾਖ਼ਲਾ ਲੈਣ ਵਾਲੇ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਦਿਨ ਤੱਕ ਜਮ੍ਹਾ ਕਰਵਾ ਸਕਣਗੇ ਅਰਜ਼ੀਆਂ

Friday, Nov 17, 2023 - 09:44 PM (IST)

ਸੈਨਿਕ ਸਕੂਲ 'ਚ ਦਾਖ਼ਲਾ ਲੈਣ ਵਾਲੇ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਦਿਨ ਤੱਕ ਜਮ੍ਹਾ ਕਰਵਾ ਸਕਣਗੇ ਅਰਜ਼ੀਆਂ

ਕਪੂਰਥਲਾ : ਸਥਾਨਕ ਸੈਨਿਕ ਸਕੂਲ ਨੇ ਸਾਲ 2024-25 ਦੇ ਵਿਦਿਅਕ ਸੈਸ਼ਨ ਲਈ ਇਸ ਮਾਣਮੱਤੀ ਸੰਸਥਾ 'ਚ 6ਵੀਂ ਅਤੇ 9ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਇੱਛੁਕ ਉਮੀਦਵਾਰਾਂ ਪਾਸੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਸਰਬ ਭਾਰਤੀ ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ (ਏ.ਆਈ.ਐੱਸ.ਐੱਸ.ਈ.ਈ.) ਰਾਹੀਂ ਸੈਨਿਕ ਸਕੂਲ ਕਪੂਰਥਲਾ ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀਆਂ ਪ੍ਰਵਾਨ ਕਰਨ ਦੀ ਪ੍ਰਕਿਰਿਆ ਚਾਲੂ ਕਰ ਦਿੱਤੀ ਗਈ ਹੈ।

ਇਹ ਪ੍ਰਗਟਾਵਾ ਕਰਦਿਆਂ ਸੈਨਿਕ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਨੇ ਕਿਹਾ ਕਿ ਲੜਕੀਆਂ ਸਿਰਫ 6ਵੀਂ ਜਮਾਤ ਵਿੱਚ ਦਾਖਲੇ ਲਈ ਅਪਲਾਈ ਕਰ ਸਕਦੀਆਂ ਹਨ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਵੱਲੋਂ ਸਰਬ ਭਾਰਤੀ ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ 21 ਜਨਵਰੀ, 2024 ਨੂੰ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ 31 ਮਾਰਚ, 2024 ਨੂੰ 6ਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਉਮੀਦਵਾਰਾਂ ਦੀ ਉਮਰ 10-12 ਸਾਲ ਦੇ ਦਰਮਿਆਨ, ਜਦਕਿ 9ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਦੀ ਉਮਰ 13-15 ਸਾਲ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੈਡੀਕਲ ਕਾਲਜ ਦੇ ਹੋਸਟਲ 'ਚੋਂ ਭੇਤਭਰੇ ਹਾਲਾਤ 'ਚ ਮਿਲੀ ਵਿਦਿਆਰਥੀ ਦੀ ਲਾਸ਼, ਪੁਲਸ ਕਰ ਰਹੀ ਜਾਂਚ

ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਾਲਾਨਾ 10 ਲੱਖ ਰੁਪਏ ਦੀ ਆਮਦਨ ਵਾਲੇ ਪੰਜਾਬ ਦੇ ਸਥਾਈ ਨਿਵਾਸੀ ਲਈ ਸਮਰੱਥ ਆਮਦਨ ਅਧਾਰਿਤ ਵਜ਼ੀਫਾ ਸਕੀਮ ਦੀ ਵਿਵਸਥਾ ਕੀਤੀ ਹੈ। ਵਜ਼ੀਫਾ ਸਕੀਮ ਦੇ ਤਹਿਤ 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਲਈ 100 ਫ਼ੀਸਦੀ ਪ੍ਰਤੀਪੂਰਤੀ (ਰੀਇਮਬਰਸਮੈਂਟ), 3,00,001 ਤੋਂ 5,00,000 ਰੁਪਏ ਦੀ ਆਮਦਨ ਵਾਲਿਆਂ ਲਈ 75 ਫ਼ੀਸਦੀ, 5,00,001 ਤੋਂ 7,50,000 ਰੁਪਏ ਦੀ ਆਮਦਨ ਵਾਲਿਆਂ ਲਈ 50 ਫ਼ੀਸਦੀ ਅਤੇ 7.50 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਆਮਦਨ ਵਾਲਿਆਂ ਨੂੰ 25 ਫ਼ੀਸਦੀ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 10 ਲੱਖ ਤੋਂ ਉਪਰ ਆਮਦਨ ਵਾਲਿਆਂ ਲਈ ਕੋਈ ਪ੍ਰਤੀਪੂਰਤੀ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਹਥਿਆਰਬੰਦ ਫੋਰਸਾਂ ਵਿੱਚ ਸੇਵਾ ਨਿਭਾਅ ਰਹੇ ਜਵਾਨਾਂ ਨੂੰ ਰੈਂਕ ਅਧਾਰਿਤ ਵਜ਼ੀਫਾ ਦਿੱਤਾ ਜਾ ਰਿਹਾ ਹੈ। ਇਸ ਤਹਿਤ ਹੌਲਦਾਰ ਜਾਂ ਬਰਾਬਰ ਦੇ ਰੈਂਕ ਵਾਲੇ ਸੈਨਿਕਾਂ ਲਈ ਸਾਲਾਨਾ 32000 ਰੁਪਏ ਦਾ ਵਜ਼ੀਫਾ, ਜਦਕਿ ਜੇ.ਸੀ.ਓ. ਜਾਂ ਬਰਾਬਰ ਰੈਂਕ ਵਾਲਿਆਂ ਲਈ ਸਾਲਾਨਾ 16000 ਰੁਪਏ ਦਾ ਵਜ਼ੀਫਾ ਮਿਲਦਾ ਹੈ।

ਪ੍ਰਿੰਸੀਪਲ ਮਧੂ ਸੇਂਗਰ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਸਕੂਲ ਦੀ ਵੈੱਬਸਾਈਟ https://www.sskapurthala.com ਜਾਂ ਐੱਨ.ਟੀ.ਏ. ਦੀ ਵੈੱਬਸਾਈਟ https:/lexams.nta.ac.in/aissee 'ਤੇ ਜਾ ਕੇ ਹੋਰ ਵਿਸਥਾਰ ਵਿੱਚ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਅਰਜ਼ੀ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 16 ਦਸੰਬਰ, 2023 ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News