ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੀ ਖੁੱਲ੍ਹੀ ਪੋਲ, ਗਰੀਬ ਸੜਕਾਂ 'ਤੇ ਰਹਿਣ ਲਈ ਮਜ਼ਬੂਰ (ਵੀਡੀਓ)
Friday, Jan 10, 2020 - 03:57 PM (IST)
ਫਤਿਹਗੜ੍ਹ ਸਾਹਿਬ (ਵਿਪਨ): ਗਰੀਬ ਤੇ ਬੇਸਹਾਰਾ ਲੋਕਾਂ ਨੂੰ ਹੱਡ ਚੀਰਵੀਂ ਠੰਡ ਦੇ ਕਹਿਰ ਤੋਂ ਬਚਾਉਣ ਲਈ ਸੁਪਰੀਮ ਕੋਰਟ ਨੇ ਹਰੇਕ ਸ਼ਹਿਰ 'ਚ ਰੈਣ ਬਸੇਰਾ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ ਤੇ ਇਨ੍ਹਾਂ ਰੈਣ ਬਸੇਰਿਆਂ 'ਚ ਬਿਜਲੀ ਪਾਣੀ ਮੰਜੇ ਗਰਮ ਬਿਸਤਰੇ ਦੀ ਸੁਵਿਧਾ ਉਪਲਬੱਧ ਹੋਣ ਦੀਆਂ ਹਿਦਾਇਤਾਂ ਵੀ ਦਿੱਤੀ ਗਈਆਂ ਸਨ ਪਰ ਫਤਿਹਗੜ੍ਹ ਸਾਹਿਬ ਦੀ ਸਟੀਲ ਸਿਟੀ ਕਹੇ ਜਾਣ ਵਾਲੀ ਮੰਡੀ ਗੋਬਿੰਦਗੜ੍ਹ 'ਚ ਬਣੇ ਰੈਣ ਬਸੇਰੇ ਨੂੰ ਜੜ੍ਹੇ ਤਾਲਿਆਂ ਨੇ ਗਰੀਬਾਂ ਤੇ ਜ਼ਰੂਰਤਮੰਦਾਂ ਪ੍ਰਤੀ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਜਗ ਜਾਹਿਰ ਕਰ ਦਿੱਤਾ ਹੈ। ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕਈ ਬੇਘਰ ਲੋਕ ਬੱਸ ਅੱਡਿਆਂ, ਪੁਲਾਂ ਤੇ ਸ਼ੈੱਡਾਂ ਹੇਠ ਸੌਣ ਲਈ ਮਜ਼ਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਰੈਣ ਬਸੇਰਾ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਜਿਸ ਕਾਰਨ ਉਹ ਕਈ ਸਾਲਾਂ ਤੋਂ ਇੰਝ ਹੀ ਖੁੱਲ੍ਹੇ ਅਸਮਾਨ ਹੇਠ ਸੌ ਕੇ ਆਪਣੀ ਰਾਤ ਲੰਘਾਉਂਦੇ ਹਨ।
ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਹਿਣ ਬਸੇਰਾ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਹੈ ਪਰ ਉਥੇ ਮੁਲਾਜ਼ਮ ਉਨ੍ਹਾਂ ਦੀ ਆਈ.ਡੀ. ਪਰੂਫ ਤੋਂ ਬਗੈਰ ਅੰਦਰ ਦਾਖਲ ਹੋਣ ਨਹੀਂ ਦਿੰਦੇ, ਜਿਸ ਕਾਰਨ ਉਹ ਬਾਹਰ ਸੜਕ 'ਤੇ ਹੀ ਰਾਤ ਗੁਜ਼ਾਰਨ ਲਈ ਮਜ਼ਬੂਰ ਹਨ। ਜਦੋਂ ਇਸ ਸਬੰਧੀ ਰਹਿਣ ਬਸੇਰਾ ਦੇ ਦੇਖ ਭਾਲ ਕਰ ਰਹੇ ਕਿਰਤੀ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕੁਝ ਇਸ ਤਰ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਥੇ ਹੀ ਨਗਰ ਕੌਂਸਲ ਦੇ ਕਾਰਜਕਾਰਨੀ ਅਧਿਕਾਰੀ ਚਰਣਜੀਤ ਸਿੰਘ ਨੇ ਕਿਹਾ ਕਿ ਜੋ ਲੋਕ ਸੜਕਾਂ 'ਤੇ ਸੌ ਰਹੇ ਹਨ। ਉਨ੍ਹਾਂ ਨੂੰ ਰਹਿਣ ਬਸੇਰਾ ਸਬੰਧੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਇਸ ਜਗ੍ਹਾ 'ਤੇ ਆਪਣੀ ਰਾਤ ਗੁਜ਼ਾਰ ਸਕਣ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਰਦੀਆਂ 'ਚ ਯਾਤਰੀਆਂ ਦੇ ਇਸਤੇਮਾਲ ਲਈ ਬਣਾਏ ਗਏ ਰੈਣ ਬਸੇਰਾ ਦੇ ਤਾਲੇ ਕਦੋਂ ਖੁੱਲ੍ਹਦੇ ਹਨ ਤੇ ਇਸ ਦਾ ਲੋਕਾਂ ਨੂੰ ਲਾਭ ਕਦੋਂ ਮਿਲਦਾ ਹੈ।