ਵਧੀਕ ਮੁੱਖ ਚੋਣ ਅਫ਼ਸਰ ਵੱਲੋਂ ਸਟਰੌਂਗ ਰੂਮਾਂ ਦੀ ਸੁਰੱਖਿਆ ਤੇ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ
Saturday, Mar 05, 2022 - 02:57 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਵਧੀਕ ਮੁੱਖ ਚੋਣ ਅਫ਼ਸਰ ਅਮਿਤ ਕੁਮਾਰ ਵੱਲੋਂ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਥਾਪਿਤ ਸਟਰੌਂਗ ਰੂਮਾਂ ਵਿਖੇ ਸੁਰੱਖਿਆ ਵਿਵਸਥਾ ਅਤੇ ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਮੇਂ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਵੀ ਉਨ੍ਹਾਂ ਦੇ ਨਾਲ ਸਨ। ਆਪਣੇ ਦੌਰੇ ਦੌਰਾਨ ਵਧੀਕ ਮੁੱਖ ਚੋਣ ਅਫ਼ਸਰ ਨੇ ਵਿਧਾਨ ਸਭਾ ਹਲਕਾ 99-ਲਹਿਰਾ ਦੇ ਰਿਟਰਨਿੰਗ ਅਫ਼ਸਰ ਨਵਰੀਤ ਕੌਰ ਸੇਖੋਂ, ਵਿਧਾਨ ਸਭਾ ਹਲਕਾ 100-ਦਿੜਬਾ ਦੇ ਰਿਟਰਨਿੰਗ ਅਫ਼ਸਰ ਰਾਜੇਸ਼ ਸ਼ਰਮਾ, ਵਿਧਾਨ ਸਭਾ ਹਲਕਾ 101-ਸੁਨਾਮ ਦੇ ਰਿਟਰਨਿੰਗ ਅਫ਼ਸਰ ਜਸਪ੍ਰੀਤ ਸਿੰਘ, ਵਿਧਾਨ ਸਭਾ ਹਲਕਾ 107-ਧੂਰੀ ਦੇ ਰਿਟਰਨਿੰਗ ਅਫ਼ਸਰ ਇਸਮਤ ਵਿਜੇ ਸਿੰਘ ਅਤੇ ਵਿਧਾਨ ਸਭਾ ਹਲਕਾ 108-ਸੰਗਰੂਰ ਦੇ ਰਿਟਰਨਿੰਗ ਅਫ਼ਸਰ ਚਰਨਜੋਤ ਸਿੰਘ ਵਾਲੀਆ ਸਮੇਤ ਸਬੰਧਤ ਹਲਕਿਆਂ ਦੇ ਸਟਰੌਂਗ ਰੂਮਾਂ ਤੇ ਗਿਣਤੀ ਕੇਂਦਰਾਂ ਵਿਖੇ ਨਿਰੀਖਣ ਕੀਤਾ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਦੱਸਿਆ ਕਿ ਸਮੂਹ ਸਟਰੌਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਵਿਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤਮਈ ਮਾਹੌਲ ਵਿਚ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।