ਨਸ਼ਾ ਸਮੱਗਲਰਾਂ ਦੇ 72 ਵਾਹਨ ਨੀਲਾਮੀ ਦੀ ਲਿਸਟ ’ਚ ਸ਼ਾਮਲ
Sunday, Aug 05, 2018 - 06:10 AM (IST)
ਜਲੰਧਰ, (ਵਰੁਣ)- ਜਲੰਧਰ ਪੁਲਸ ਹੁਣ ਨਸ਼ਾ ਸਮੱਗਲਰਾਂ ਦੇ ਜ਼ਬਤ ਕੀਤੇ ਵਾਹਨ ਨੀਲਾਮ ਕਰਨ ਜਾ ਰਹੀ ਹੈ। ਪੁਲਸ ਨੇ ਕੁਲ 72 ਵਾਹਨਾਂ ਦੀ ਲਿਸਟ ਤਿਆਰ ਕੀਤਾ ਹੈ, ਜਿਸ ਇਕ ਲਿਸਟ ਵਿਚ 17, ਦੂਜੀ ਵਿਚ 22 ਤੇ ਤੀਜੀ ਵਿਚ 32 ਵਾਹਨ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਵਿਚੋਂ ਦੋਪਹੀਆ ਤੋਂ ਲੈ ਕੇ ਚਾਰ ਪਹੀਆ ਵਾਹਨ ਸ਼ਾਮਲ ਹਨ। ਪੁਲਸ ਪਹਿਲੀ ਲਿਸਟ ਦੇ 18 ਵਾਹਨ ਨੀਲਾਮ ਵੀ ਕਰ ਚੁੱਕੀ ਹੈ, ਜਦੋਂਕਿ ਬਾਕੀ 2 ਲਿਸਟਾਂ ਅਜੇ ਪੈਂਡਿੰਗ ਹਨ, ਜਿਨ੍ਹਾਂ ਦੀ ਵੈਲਿਊ ਲਾ ਕੇ ਉਨ੍ਹਾਂ ਨੂੰ ਵੀ ਨੀਲਾਮ ਕਰ ਦਿੱਤਾ ਜਾਵੇਗਾ।
‘ਜਗ ਬਾਣੀ’ ਨੇ 25 ਜੂਨ 2018 ਦੇ ਅੰਕ ਵਿਚ ਪ੍ਰਮੁੱਖਤਾ ਨਾਲ ਖਬਰ ਲਾ ਕੇ ਥਾਣਿਆਂ ਦੇ ਬਾਹਰ ਪਏ ਵਾਹਨ ਕਬਾੜ ਬਣ ਚੁੱਕੇ ਹਨ, ਦਾ ਜ਼ਿਕਰ ਕੀਤਾ, ਜਿਸ ਵਿਚੋਂ ਕਾਫੀ ਵਾਹਨਾਂ ਦਾ ਸਾਮਾਨ ਚੋਰੀ ਹੋਣ ਦਾ ਵੀ ਖੁਲਾਸਾ ਕੀਤਾ ਸੀ। ਇਸ ਦੇ ਮੱਦੇਨਜ਼ਰ ਜਲੰਧਰ ਪੁਲਸ ਨੇ ਗੰਭੀਰਤਾ ਨਾਲ ਐੱਨ. ਡੀ. ਪੀ. ਐੱਸ. ਐਕਟ ਵਿਚ ਕੇਸ ਪ੍ਰਾਪਰਟੀ ਬਣਾਏ ਵਾਹਨਾਂ ਤੋਂ ਸ਼ੁਰੂਆਤ ਕਰਦਿਆਂ ਨੀਲਾਮੀ ਸ਼ੁਰੂ ਕਰ ਦਿੱਤੀ।
ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਿੰਦਰਪਾਲ ਸਿੰਘ ਪਵਾਰ ਨੇ ਦੱਸਿਆ ਕਿ ਨਸ਼ੇ ਦੇ ਕੇਸ ਵਿਚ ਫੜੇ ਗਏ 72 ਵਾਹਨਾਂ ਦੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ ਵਿਚ ਬਾਈਕ, ਸਕੂਟਰ, ਐਕਟਿਵਾ, ਆਟੋ, ਕਾਰਾਂ ਆਦਿ ਸ਼ਾਮਲ ਹਨ। ਸਭ ਤੋਂ ਪਹਿਲਾਂ 18 ਵਾਹਨਾਂ ਦੀ ਲਿਸਟ ਤਿਆਰ ਕਰ ਕੇ ਸਾਰੇ ਵਾਹਨ ਨੀਲਾਮ ਕਰ ਦਿੱਤੇ ਗਏ, ਜਦੋਂਕਿ ਬਾਅਦ ਵਿਚ 22 ਵਾਹਨਾਂ ਦੀ ਅਤੇ ਹੁਣ ਤੀਜੀ ਲਿਸਟ 32 ਵਾਹਨਾਂ ਦੀ ਤਿਆਰ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਵਾਹਨਾਂ ਦੀ ਵੈਲਿਊ ਡੀ. ਸੀ. ਵਲੋਂ ਰੋਡਵੇਜ਼ ਵਰਕਸ਼ਾਪ ਮੈਨੇਜਰ ਤੋਂ ਕਰਵਾਈ ਜਾਂਦੀ ਹੈ।
ਦੂਜੀ ਲਿਸਟ ਵਿਚ ਨੀਲਾਮੀ ਦੀ ਵੈਲਿਊ ਕੁਝ ਜ਼ਿਆਦਾ ਹੋ ਗਈ ਸੀ, ਜਿਸ ਕਾਰਨ ਦੁਬਾਰਾ ਵੈਲਿਊ ਕਰਵਾਈ ਗਈ। ਦੂਜੀ ਲਿਸਟ ਵਿਚ ਸ਼ਾਮਲ 22 ਵਾਹਨਾਂ ਨੂੰ ਵੀ ਜਲਦੀ ਨੀਲਾਮ ਕਰ ਦਿੱਤਾ ਜਾਵੇਗਾ। ਦੂਜੀ ਲਿਸਟ ਤੋਂ ਬਾਅਦ ਤੀਜੀ ਲਿਸਟ ਦੀ ਵੈਲਿਊ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਿਲਾਮੀ ਤੋਂ ਆਉਣ ਵਾਲਾ ਸਾਰਾ ਪੈਸਾ ਪੰਜਾਬ ਸਰਕਾਰ ਦੇ ਖਾਤੇ ਵਿਚ ਜਾਣਾ ਹੈ।
ਥਾਣਿਆਂ ’ਚ ਖੜ੍ਹੇ ਹੋਰ ਵਾਹਨਾਂ ਦੀ ਵੀ ਜਲਦੀ ਹੋਵੇਗੀ ਨੀਲਮੀ
ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਥਾਣਿਆਂ ਵਿਚ ਖੜ੍ਹੇ ਵਾਹਨਾਂ ਦੀ ਗਿਣਤੀ ਘਟ ਕਰਨ ਲਈ ਸਾਰੇ ਵਾਹਨਾਂ ਨਾਲ ਸੰਬੰਧਤ ਕੇਸਾਂ ਦੀ ਡਿਟੇਲ ਕਢਵਾਈ ਜਾ ਰਹੀ ਹੈ। ਲਿਸਟ ਆਉਣ ਤੋਂ ਬਾਅਦ ਜਿਨ੍ਹਾਂ ਵਾਹਨਾਂ ਨੂੰ ਨੀਲਾਮ ਕਰਨ ਦੀ ਲੋੜ ਹੋਵੇਗੀ ਉਨ੍ਹਾਂ ਵਾਹਨਾਂ ਨੂੰ ਵੀ ਜਲਦੀ ਤੋਂ ਜਲਦੀ ਨੀਲਾਮ ਕਰ ਦਿੱਤਾ ਜਾਵੇਗਾ ਤਾਂ ਜੋ ਥਾਣਿਆਂ ਦੇ ਆਸ-ਪਾਸ ਦੀ ਜਗ੍ਹਾ ਖਾਲੀ ਹੋ ਸਕੇ।
ਸਮੇਂ ’ਤੇ ਪੇਸ਼ ਨਹੀਂ ਕੀਤੇ ਜਾਂਦੇ ਚਲਾਨਾ
ਦਸਤਾਵੇਜ਼ ਨਾ ਹੋਣ ਕਾਰਨ ਜ਼ਬਤ ਕੀਤੇ ਵਾਹਨਾਂ ਨੂੰ ਅਜੇ ਵੀ ਲਾਪ੍ਰਵਾਹੀ ਨਾਲ ਥਾਣਿਆਂ ਵਿਚ ਤੁੰਨਿਆ ਹੋਇਆ ਹੈ। ਸਮੇਂ ’ਤੇ ਅਜਿਹੇ ਵਾਹਨਾਂ ਦੇ ਚਲਾਨ ਕੋਰਟ ਵਿਚ ਨਾ ਪਹੁੰਚਾਏ ਜਾਣ ਕਾਰਨ ਲੋਕਾਂ ਨੂੰ ਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਹੀ ਥਾਣਿਆਂ ਵਿਚ ਵੀ ਅਜਿਹੇ ਕਈ ਵਾਹਨ ਥਾਂ ਘੇਰ ਕੇ ਖੜ੍ਹੇ ਹਨ।
