ਨਸ਼ੇੜੀ ਨੇ ਪਹਿਲਾਂ ਮਾਤਾ-ਪਿਤਾ ਨਾਲ ਕੀਤੀ ਕੁੱਟਮਾਰ ਫਿਰ ਪਵਿੱਤਰ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ
Sunday, Jan 10, 2021 - 11:47 AM (IST)
ਲੁਧਿਆਣਾ (ਰਾਜ): ਡਾਬਾ ਦੇ ਇਲਾਕੇ ਵਿਚ ਸਵੇਰ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਇਕ ਘਰ ਦੇ ਬਾਹਰ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਮਿਲੇ। ਇਹ ਅੰਗ ਇਲਾਕੇ ਦੇ ਇਕ ਨਸ਼ੇੜੀ ਨੌਜਵਾਨ ਨੇ ਪਾੜ ਕੇ ਸੁੱਟੇ। ਗੁਆਂਢੀਆਂ ਨੇ ਸਨਮਾਨ ਦੇ ਨਾਲ ਸ੍ਰੀ ਗੁਟਕਾ ਸਾਹਿਬ ਦੇ ਅੰਗ ਚੁੱਕ ਕੇ ਕੋਲ ਹੀ ਸਥਿਤ ਗੁਰਦੁਆਰਾ ਸਾਹਿਬ ਵਿਚ ਪਹੁੰਚਾਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਇਸ ਸਬੰਧੀ ਸੂਚਨਾ ਪੁਲਸ ਨੂੰ ਦਿੱਤੀ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਪੁੱਜੀ ਥਾਣਾ ਡਾਬਾ ਦੀ ਪੁਲਸ ਨੇ ਮੁਲਜ਼ਮ ਨੌਜਵਾਨਾਂ ਨੂੰ ਘਰੋਂ ਕਾਬੂ ਕਰ ਲਿਆ। ਇਹ ਅੰਗ ਮੁਲਜ਼ਮ ਦੇ ਘਰ ਦੇ ਬਰਾਂਡੇ ਵਿਚ ਵੀ ਸੁੱਟੇ ਹੋਏ ਸਨ, ਜੋ ਪੁਲਸ ਨੇ ਕਬਜ਼ੇ ਵਿਚ ਲੈ ਲਏ। ਨੌਜਵਾਨ ਖਿਲਾਫ ਥਾਣਾ ਡਾਬਾ ਵਿਚ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਸਬੰਧੀ ਪਰਚਾ ਦਰਜ ਕੀਤਾ ਹੈ। ਮੁਲਜ਼ਮ ਬਲਵਿੰਦਰ ਸਿੰਘ ਉਰਫ ਟਿੰਕੂ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨ ਵਾਲੇ ਭਾਜਪਾ ਆਗੂ ਦੇ ਘਰ ’ਤੇ ਹਮਲਾ
ਜਾਣਕਾਰੀ ਮੁਤਾਬਕ ਇਹ ਕੇਸ ਮੁਹੱਲਾ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ 14 ਦਾ ਹੈ। ਮੁਲਜ਼ਮ ਬਲਵਿੰਦਰ ਸਿੰਘ ਰੇਹੜੀ ਚਲਾਉਂਦਾ ਹੈ ਅਤੇ ਨਸ਼ਾ ਕਰਨ ਦਾ ਵੀ ਆਦੀ ਹੈ। ਸ਼ੁੱਕਰਵਾਰ ਦੀ ਰਾਤ ਨੂੰ ਉਹ ਨਸ਼ਾ ਕਰ ਕੇ ਆਇਆ ਸੀ। ਉਸ ਨੇ ਘਰ ਆ ਕੇ ਪਹਿਲਾਂ ਆਪਣੇ ਮਾਤਾ-ਪਿਤਾ ਦੇ ਨਾਲ ਝਗੜਾ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੀ ਮਾਤਾ ਦੇ ਥੱਪੜ ਵੀ ਮਾਰੇ ਅਤੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਸ ਦੇ ਮਾਤਾ-ਪਿਤਾ ਰਾਤ ਨੂੰ ਇਲਾਕੇ ਵਿਚ ਹੀ ਸਥਿਤ ਆਪਣੀ ਬੇਟੀ ਦੇ ਕੋਲ ਚਲੇ ਗਏ ਸਨ। ਇਸ ਤੋਂ ਬਾਅਦ ਨਸ਼ੇ ਵਿਚ ਬਲਵਿੰਦਰ ਸਿੰਘ ਨੇ ਆਪਣੇ ਹੀ ਘਰ ਵਿਚ ਭੰਨ-ਤੋੜ ਕਰਦਿਆਂ ਕਾਫੀ ਸਾਮਾਨ ਦਾ ਨੁਕਸਾਨ ਕੀਤਾ। ਰਾਤ ਨੂੰ ਹੀ ਬਲਵਿੰਦਰ ਨੇ ਪਵਿੱਤਰ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਕੁਝ ਬਰਾਂਡੇ ਵਿਚ ਅਤੇ ਕੁਝ ਗਲੀ ਵਿਚ ਸੁੱਟ ਦਿੱਤੇ ਸਨ। ਇਸ ਤੋਂ ਬਾਅਦ ਤੜਕੇ ਗੁਆਂਢੀਆਂ ਨੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਗਲੀ ਵਿਚ ਪਏ ਦੇਖੇ ਅਤੇ ਚੁੱਕ ਕੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਪਹੁੰਚਾਏ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਵਲੋਂ ਜਥੇਦਾਰ ਤੱਕ ਪਹੁੰਚ ਕਰਨ ਦੀਆਂ ਖ਼ਬਰਾਂ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਮੁਲਜ਼ਮ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਰੇਹੜੀ ’ਤੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਉਸ ਦਾ ਬੇਟਾ ਬਲਵਿੰਦਰ ਸਿੰਘ ਵੀ ਰੇਹੜੀ ਚਲਾਉਂਦਾ ਹੈ। ਉਹ ਨਸ਼ਾ ਕਰਨ ਦਾ ਆਦੀ ਹੈ, ਜੋ ਕਿ ਆਮ ਕਰ ਕੇ ਨਸ਼ਾ ਕਰ ਕੇ ਘਰ ਵਿਚ ਲੜਾਈ-ਝਗੜਾ ਕਰਦਾ ਹੈ। ਇਸ ਲਈ ਉਨ੍ਹਾਂ ਨੇ ਉਸ ਨੂੰ ਬੇਦਖਲ ਕੀਤਾ ਹੋਇਆ ਹੈ ਪਰ ਫਿਰ ਵੀ ਜਬਰੀ ਉਨ੍ਹਾਂ ਦੇ ਘਰ ਵਿਚ ਆ ਕੇ ਰਹਿਣ ਲੱਗਾ। ਜੇਕਰ ਉਹ ਉਸ ਨੂੰ ਕੁਝ ਕਹਿੰਦੇ ਹਨ ਤਾਂ ਉਹ ਕੁੱਟ-ਮਾਰ ਸ਼ੁਰੂ ਕਰ ਦਿੰਦਾ ਹੈ। ਰਾਤ ਨੂੰ ਵੀ ਉਸ ਦੇ ਬੇਟੇ ਨੇ ਉਨ੍ਹਾਂ ਦੇ ਨਾਲ ਕੁੱਟ-ਮਾਰ ਕੀਤੀ ਸੀ ਤਾਂ ਉਨ੍ਹਾਂ ਨੇ ਪੀ. ਸੀ. ਆਰ. ਨੂੰ ਬੁਲਾਇਆ, ਜਿਨ੍ਹਾਂ ਨੇ ਉਸ ਦੇ ਬੇਟੇ ਨੂੰ ਸਮਝਾਇਆ ਵੀ ਸੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਫਿਰ ਉਹ ਕੁੱਟਮਾਰ ਕਰਨ ਲੱਗਾ। ਇਸ ਲਈ ਉਹ ਰਾਤ ਨੂੰ ਸੋਣ ਲਈ ਆਪਣੀ ਬੇਟੀ ਦੇ ਘਰ ਚਲੇ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੇ ਜੋ ਅਪਰਾਧ ਕੀਤਾ ਹੈ, ਉਹ ਮੁਆਫੀਯੋਗ ਨਹੀਂ ਹੈ। ਉਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਰਾਜੋਆਣਾ ਸਬੰਧੀ ਸੁਖਬੀਰ ਬਾਦਲ ਦਾ ਵੱਡਾ ਬਿਆਨ, ਸਜ਼ਾ ਮੁਆਫ਼ੀ ਲਈ ਕੇਂਦਰ ਨੂੰ ਕੀਤੀ ਅਪੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?