ਏ.ਡੀ.ਸੀ. ਮੁਕਤਸਰ ਸਾਹਿਬ ਦੀ ਨਿੱਜੀ ਕਾਰ ਭਵਾਨੀਗੜ੍ਹ ਨੇੜੇ ਖੇਤਾਂ ''ਚ ਡਿੱਗੀ

Wednesday, Jun 11, 2025 - 04:49 PM (IST)

ਏ.ਡੀ.ਸੀ. ਮੁਕਤਸਰ ਸਾਹਿਬ ਦੀ ਨਿੱਜੀ ਕਾਰ ਭਵਾਨੀਗੜ੍ਹ ਨੇੜੇ ਖੇਤਾਂ ''ਚ ਡਿੱਗੀ

ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਇੱਥੇ ਪਟਿਆਲਾ ਰੋਡ 'ਤੇ ਪਿੰਡ ਬਾਲਦ ਕਲਾਂ ਨੇੜੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਬੇਕਾਬੂ ਹੋਈ ਇਨਡੇਵਰ ਕਾਰ ਇਕ ਰੇਹੜੀ ਨਾਲ ਟਕਰਾ ਕੇ ਖੇਤਾਂ ਵਿਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਇਨਡੈਵਰ ਕਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਏ.ਡੀ.ਸੀ ਸੁਖਦੇਵ ਸਿੰਘ ਥਿੰਦ ਖੁੱਦ ਚਲਾ ਕੇ ਪਟਿਆਲਾ ਵੱਲ ਜਾ ਰਹੇ ਸਨ ਜਿਨ੍ਹਾਂ ਦਾ ਹਾਦਸੇ ਦੌਰਾਨ ਵਾਲ-ਵਾਲ ਬਚਾਅ ਹੋ ਗਿਆ ਜਦੋਂਕਿ ਰੇਹੜੀ ਚਾਲਕ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਨੈਸ਼ਨਲ ਹਾਈਵੇਅ 'ਤੇ ਰਿਲਾਇੰਸ ਪੈਟਰੋਲ ਪੰਪ ਤੋਂ ਪਹਿਲਾਂ ਇਕ ਇਨਡੈਵਰ ਗੱਡੀ ਸੰਤੁਲਨ ਵਿਗੜਨ ਕਾਰਨ ਇਕ ਰੇਹੜੀ ਸਵਾਰ ਵਿਚ ਵੱਜ ਕੇ ਹਾਈਵੇਅ ਦੀਆਂ ਖੇਤਾਂ ਵਿਚ ਪਲਟ ਗਈ ਹੈ। 

ਸੂਚਨਾ ਮਿਲਦਿਆਂ ਹੀ ਐੱਸਐੱਸਐੱਫ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀ ਰੇਹੜੀ ਚਾਲਕ ਦਿਨੇਸ਼ ਪੁੱਤਰ ਰਾਮ ਪ੍ਰਸ਼ਾਦ ਵਾਸੀ ਭਵਾਨੀਗੜ੍ਹ ਨੂੰ ਟੀਮ ਨੇ ਤੁਰੰਤ ਮੌਕੇ ਤੋਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਨੈਸ਼ਨਲ ਹਾਈਵੇਅ ਕਲੀਅਰ ਕਰਵਾ ਕੇ ਆਵਾਜਾਈ ਚਾਲੂ ਕੀਤੀ। ਬਾਅਦ ਵਿਚ ਐੱਸਐੱਸਐੱਫ ਸਮੇਤ ਭਵਾਨੀਗੜ੍ਹ ਥਾਣੇ ਤੋਂ ਪਹੁੰਚੇ ਪੁਲਸ ਮੁਲਾਜ਼ਮਾਂ ਵੱਲੋਂ ਖੇਤਾਂ ਵਿਚ ਫਸੇ ਏਡੀਸੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਡਾਕਟਰੀ ਸਹਾਇਤਾ ਲਈ ਹਸਪਤਾਲ ਭਰਤੀ ਕਰਵਾਇਆ। 

ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਮਲਵਿੰਦਰ ਸਿੰਘ ਦੇ ਦੱਸਿਆ ਕਿ ਏ.ਡੀ.ਸੀ ਮੁਕਤਸਰ ਸਾਹਿਬ ਸੁਖਦੇਵ ਸਿੰਘ ਥਿੰਦ ਆਪਣੀ ਨਿੱਜੀ ਇਨਡੈਵਰ ਕਾਰ ਰਾਹੀਂ ਪਟਿਆਲਾ ਜਾ ਰਹੇ ਸਨ ਤਾਂ ਅਚਾਨਕ ਰਾਤ ਕਰੀਬ 8 ਵਜੇ ਇੱਥੇ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਨਡੈਵਰ ਬੁਰੀ ਤਰ੍ਹਾਂ ਨੁਕਸਾਨੀ ਗਈ।


author

Gurminder Singh

Content Editor

Related News