ਆਦਰਸ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਰਿਹਾ 100 ਫੀਸਦੀ
Friday, Jul 17, 2020 - 05:22 PM (IST)
ਭਵਾਨੀਗੜ੍ਹ (ਕਾਂਸਲ) - ਆਦਰਸ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਜਿਥੇ ਜਿਆਦਾਤਰ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਬੱਚੇ ਹੀ ਪੜਦੇ ਹਨ। ਇਸ ਸਕੂਲ ਵਿਚ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਮਾਪਿਆਂ ਅਤੇ ਅਧਿਆਪਕਾਂ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਕਾਫੀ ਲੰਬਾ ਸੰਘਰਸ਼ ਕੀਤੇ ਜਾਣ ਕਾਰਨ ਆਈਆਂ ਔਕੜਾਂ ਦੇ ਬਾਵਜੂਦ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਆਉਣ ’ਤੇ ਸਕੂਲ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ।
ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਮੈਡਮ ਜਸਪ੍ਰੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਕਾਮਰਸ, ਆਰਟਸ ਅਤੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੇ ਬੁਲੰਦੀਆਂ ਨੂੰ ਛੂੰਹਦੇ ਹੋਏ 98 ਫੀਸਦੀ ਰਿਜ਼ਲਟ ਦਿੱਤਾ ਅਤੇ ਬਾਰ੍ਹਵੀਂ ਦੇ ਨਤੀਜੇ ਵਿੱਚੋਂ ਦਿਲਪ੍ਰੀਤ ਕੌਰ ਕਾਮਰਸ ਗਰੁੱਪ, ਦਮਨਪ੍ਰੀਤ ਸਿੰਘ ਸਾਇੰਸ ਗਰੁੱਪ ਅਤੇ ਪਰਮਿੰਦਰ ਕੌਰ ਆਰਟਸ ਗਰੁੱਪ ਵਿੱਚੋਂ ਟਾਪਰ ਹਨ। ਇਸੇ ਤਰ੍ਹਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਬੋਰਡ ਦੇ ਰਿਜ਼ਲਟ ਵਿੱਚ ਤਸੱਲੀ ਬਖਸ ਮੱਲਾਂ ਮਾਰੀਆਂ ਅਤੇ ਦੱਸਵੀ ਜਮਾਤ ਵਿੱਚੋਂ ਦੀਪਾਲੀ, ਜਸਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਪਹਿਲੀਆਂ ਪੁਜੀਸਨਾਂ ਪ੍ਰਾਪਤ ਕੀਤੀਆਂ ਹਨ। ਹੋਰ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਔਕੜਾਂ ਦੇ ਬਾਵਜੂਦ ਉਨ੍ਹਾਂ ਨੂੰ ਤਨਖਾਹ ਨਾ ਮਿਲਣ ਦੇ ਚਲਦਿਆਂ ਸਕੂਲ ਵਿਚ ਚੱਲੇ ਸੰਘਰਸ਼ ਦੇ ਦੌਰਾਨ ਉਨ੍ਹਾਂ ਸਕੂਲ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਿਆਂ ਦੀ ਪੜਾਈ ਵਿਚ ਕੋਈ ਵਿਘਣ ਨਹੀਂ ਪੈਣ ਦਿੱਤਾ। ਪਰ ਲਾਕਡਾਊਨ ਕਾਰਨ ਸਕੂਲ ਬੰਦ ਹੋਣ ਕਾਰਨ ਥੋੜੀ ਸਮੱਸਿਆ ਜਰੂਰ ਆਈ ਨਹੀਂ ਤਾਂ ਉਨ੍ਹਾਂ ਦੇ ਸਕੂਲ ਦਾ ਨਤੀਜ਼ਾ ਹੋਰ ਵੀ ਸ਼ਾਨਦਾਰ ਹੋਣਾ ਸੀ।