ਆਦਮਪੁਰ ਸੀਟ ਨੂੰ ਲੈ ਕੇ ਖਿੱਚੋ-ਤਾਣ, ਕਾਗਜ਼ ਭਰੇ ਬਿਨਾਂ ਪਰਤੇ ਕੇ. ਪੀ, ਕਿਹਾ-ਕਾਂਗਰਸ ਨੇ ਪਿੱਠ ’ਚ ਛੁਰਾ ਮਾਰਿਆ

Tuesday, Feb 01, 2022 - 10:37 PM (IST)

ਜਲੰਧਰ (ਵੈੱਬ ਡੈਸਕ) : ਆਦਮੁਪਰ ਵਿਧਾਨ ਸਭਾ ਹਲਕੇ ਨੂੰ ਲੈ ਕੇ ਕਾਂਗਰਸ ਵਿਚ ਚੱਲਦੀ ਆ ਰਹੀ ਖਿੱਚੋ-ਤਾਣ ਹੁਣ ਖ਼ਤਮ ਹੋ ਗਈ ਹੈ। ਹੁਣ ਇਸ ਹਲਕੇ ਤੋਂ ਸੁਖਵਿੰਦਰ ਸਿੰਘ ਕੋਟਲੀ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ। ਕੋਟਲੀ ਨੇ ਕਾਂਗਰਸ ਦੇ ਉਮੀਦਵਾਰ ਵਜੋਂ ਬਕਾਇਦਾ ਆਪਣੇ ਕਾਗਜ਼ ਵੀ ਦਾਖਲ ਕਰ ਦਿੱਤੇ ਹਨ। ਦਰਅਸਲ ਇਥੇ ਕਾਂਗਰਸ ਵਲੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਜਦਕਿ ਮਹਿੰਦਰ ਕੇ. ਪੀ. ਇਥੇ ਦਾਅਵੇਦਾਰੀ ਜਤਾ ਰਹੇ ਸਨ। ਕੇ. ਪੀ. ਬਕਾਇਦਾ ਕਾਂਗਰਸ ਵਲੋਂ ਕਾਗਜ਼ ਦਾਖਲ ਕਰਨ ਵੀ ਪਹੁੰਚ ਗਏ ਸਨ ਪਰ ਉਹ ਕਾਗਜ਼ ਭਰੇ ਬਿਨਾਂ ਹੀ ਵਾਪਸ ਪਰਤ ਆਏ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੀ ਜਾਇਦਾਦ ਘਟੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਤੇ ਸੁਖਬੀਰ ਜਾਣੋ ਕਿੰਨੇ ਕਰੋੜ ਦੇ ਹਨ ਮਾਲਕ

ਇਸ ਦੌਰਾਨ ਕੇ. ਪੀ. ਨੇ ਕਿਹਾ ਕਿ ਉਹ ਕਾਂਗਰਸ ਵਲੋਂ ਕਾਗਜ਼ ਭਰਨ ਗਏ ਸਨ ਪਰ ਉਨ੍ਹਾਂ ਕੋਲ ਕਾਂਗਰਸ ਦਾ ਲੈਟਰ ਨਹੀਂ ਸੀ, ਲਿਹਾਜ਼ਾ ਉਹ ਕਾਗਜ਼ ਨਹੀਂ ਭਰ ਸਕੇ ਅਤੇ ਵਾਪਸ ਆ ਗਏ। ਜੇਕਰ ਮੈਂ ਆਜ਼ਾਦ ਉਮੀਦਵਾਰ ਵਜੋਂ ਫਾਰਨ ਭਰਨ ਦੀ ਮਨਸ਼ਾ ਨਾਲ ਗਿਆ ਹੁੰਦਾ ਤਾਂ ਫਾਰਮ ਭਰ ਕੇ ਹੀ ਵਾਪਸ ਆਉਣਾ ਸੀ। ਕੇ. ਪੀ. ਨੇ ਕਿਹਾ ਕਿ ਕਾਂਗਰਸ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਜਲੀਲ ਕੀਤਾ ਹੈ। ਮੈਂ ਹੁਣ ਉਮੀਦਵਾਰ ਤਾਂ ਨਹੀਂ ਰਿਹਾ ਪਰ ਉਮੀਦਵਾਰ ਦੇ ਖ਼ਿਲਾਫ਼ ਜ਼ਰੂਰ ਡੱਟਾਂਗਾ। ਕੇ. ਪੀ. ਨੇ ਕਿਹਾ ਕਿ ਮੈਂ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਦੁੱਖ ਸਾਂਝਾ ਕਰਾਂਗਾ ਅਤੇ ਖੁਲਾਸਾ ਕਰਾਂਗਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਮੇਰੀ ਪਿੱਠ ਵਿਚ ਛੁਰਾ ਮਾਰਿਆ ਹੈ।

ਇਹ ਵੀ ਪੜ੍ਹੋ : ਬਰਗਰ ਖਾਣ ਸਮੇਂ ਹੋਈ ਤਕਰਾਰ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ

ਕੇ. ਪੀ. ਨੇ ਕਿਹਾ ਕਿ ਕਾਂਗਰਸ ਨੇ ਇਕ ਭਲੇ ਮਾਨਸ ਨੂੰ ਬੇਇੱਜ਼ਤ ਕੀਤਾ ਹੈ। ਦਰਅਸਲ ਪਾਰਟੀ ਹੀ ਨਹੀਂ ਚਾਹੁੰਦੀ ਕਿ ਪੰਜਾਬ ਵਿਚ ਦੋਬਾਰਾ ਕਾਂਗਰਸ ਦੀ ਸਰਕਾਰ ਬਣੇ। ਮੇਰੇ ਨਾਲ 2014 ਤੋਂ ਧੱਕਾ ਹੁੰਦਾ ਆ ਰਿਹਾ ਹੈ। ਜੇਕਰ ਮੇਰੇ ਵਰਗੇ ਕਦਾਵਾਰ ਆਗੂ ਨਾਲ ਅਜਿਹਾ ਕੀਤਾ ਗਿਆ ਹੈ ਤਾਂ ਵਰਕਰ ਦਾ ਕੀ ਹੋਵੇਗਾ। ਕਾਂਗਰਸ ਹੁਣ ਉਹ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਜਿਹੜੇ ਰੇਤਾ ਵੇਚਦੇ ਹਨ, ਤਸਕਰੀ ਕਰਦੇ ਹਨ ਉਨ੍ਹਾਂ ਨੂੰ ਕਾਂਗਰਸ ਨੇ ਟਿੱਕਟਾਂ ਦਿੱਤੀਆਂ ਹਨ। ਕੇ. ਪੀ. ਨੇ ਕਿਹਾ ਕਿ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਕਿਹਾ ਸੀ ਕਿ ਅਸੀਂ ਕੇ. ਪੀ. ਨੂੰ ਟਿਕਟ ਦੇ ਰਹੇ ਹਾਂ, ਪਰ ਇਸ ਦੇ ਬਾਵਜੂਦ ਮੈਨੂੰ ਟਿਕਟ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਭਿੰਡਰ ਦੀ ਮੌਤ, ਅੱਜ ਭਰਨੀ ਸੀ ਨਾਮਜ਼ਦਗੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News