ਮਾਈਨਿੰਗ ਮਾਫੀਆ ਨੇ ਕਰਵਾਇਆ ਸੰਦੋਆ-ਕਾਂਗਰਸ ਸਮਝੌਤਾ : ਚੱਢਾ

Sunday, May 05, 2019 - 09:54 AM (IST)

ਮਾਈਨਿੰਗ ਮਾਫੀਆ ਨੇ ਕਰਵਾਇਆ ਸੰਦੋਆ-ਕਾਂਗਰਸ ਸਮਝੌਤਾ : ਚੱਢਾ

ਚੰਡੀਗੜ੍ਹ (ਭੁੱਲਰ)- 'ਆਪ' ਵਿਧਾਇਕ ਸੰਦੋਆ ਦਾ ਕਾਂਗਰਸ ਨਾਲ ਸਮਝੌਤਾ ਮਾਈਨਿੰਗ ਮਾਫੀਆ ਦੀ ਛਤਰ ਛਾਇਆ ਹੇਠ ਹੋਇਆ ਹੈ, ਜੋ ਜ਼ਿਲੇ ਦੇ ਲੋਕਾਂ ਨਾਲ ਵੱਡੀ ਗੱਦਾਰੀ ਹੈ। ਇਸ ਸਬੰਧੀ ਸਬੂਤਾਂ ਦਾ ਖੁਲਾਸਾ ਕਰਦਿਆਂ ਆਰ. ਟੀ. ਆਈ. ਐਕਟੀਵਿਸਟ ਵਕੀਲ ਦਿਨੇਸ਼ ਚੱਢਾ ਨੇ ਦੱਸਿਆ ਕਿ ਜੋ ਸੰਦੋਆ 'ਤੇ ਹਮਲਾ ਹੋਣ ਸਬੰਧੀ ਧਾਰਾ 307 ਆਈ ਪੀ ਸੀ ਤਹਿਤ ਮੁਕੱਦਮਾ ਨੰਬਰ 73 ਪੁਲਸ ਥਾਣਾ ਨੂਰਪੁਰਬੇਦੀ ਵਿਖੇ ਦਰਜ ਹੋਇਆ ਸੀ, ਉਸ 'ਚ ਮਾਈਨਿੰਗ ਠੇਕੇਦਾਰ ਨੇ ਇੰਚਾਰਜ ਨਾਲ ਸਮਝੌਤਾ ਕਰਕੇ ਉਸ ਹਮਲਾਵਰ ਨੂੰ ਇਸ ਪਰਚੇ ਤੋਂ ਬਾਹਰ ਕਢਵਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਰਚੇ 'ਚੋਂ ਬਾਹਰ ਕਢਵਾਇਆ ਗਿਆ ਵਿਅਕਤੀ ਅੰਮ੍ਰਿਤ ਓਹੀ ਵਿਅਕਤੀ ਸੀ ਜੋ ਸੰਦੋਆ ਨਾਲ ਮਾਰ-ਕੁੱਟ ਦੀ ਵੀਡੀਓ 'ਚ ਸ਼ਰੇਆਮ ਸੰਦੋਆ ਨੂੰ ਕਹਿ ਰਿਹਾ ਸੀ ਕਿ 'ਦੱਸ ਪੈਸੇ ਲੈਣ ਆਇਆ ਸੀ ਜਾਂ ਨਹੀਂ ਆਇਆ ਸੀ।

ਉਨਾਂ ਦੱਸਿਆ ਕਿ ਅਜਿਹੇ ਦੋਸ਼ ਲਗਾਉਣ ਵਾਲੇ ਵਿਅਕਤੀ ਦਾ ਨਾਂ ਪਰਚੇ ਵਿਚੋਂ ਬਾਹਰ ਕੱਢਣ ਦਾ ਸੰਦੋਆ ਨੇ ਇਕ ਵਾਰ ਵੀ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਉਸ ਤੋਂ ਬਾਅਦ ਕਦੇ ਮਾਫੀਆ ਖਿਲਾਫ ਅੰਦੋਲਨ ਕੀਤਾ। ਉਦੋਂ ਤੋਂ ਹੀ ਸਮਝੌਤਾ ਸਾਫ ਦਿਖ ਗਿਆ ਸੀ। ਅੱਜ ਤਾਂ ਸਿਰਫ ਐਲਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਜ਼ਿਲੇ ਰੋਪੜ ਨੂੰ ਰਵਾਇਤੀ ਪਾਰਟੀਆਂ ਦੇ ਆਗੂ ਲਗਾਤਾਰ ਮਾਫੀਆ ਕੋਲ ਵੇਚ ਰਹੇ ਸਨ ਅਤੇ ਗੁਰੂ ਸਾਹਿਬਾਨ ਦੀ ਧਰਤੀ ਦੀ ਬਰਬਾਦੀ ਕਰ ਰਹੇ ਸਨ। ਚੱਢਾ ਨੇ ਕਿਹਾ ਕਿ ਸੰਦੋਆ ਨੇ ਇਲਾਕੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਮਾਈਨਿੰਗ ਮਾਫੀਆ ਤੇ ਸੰਦੋਆ ਖਿਲਾਫ਼ ਆਪਣਾ ਅਭਿਆਨ ਜਾਰੀ ਰੱਖਣ ਦਾ ਵੀ ਐਲਾਨ ਕੀਤਾ।


author

rajwinder kaur

Content Editor

Related News