ਅਜਨਾਲਾ 'ਚ ਪੁਲਸ ਦੀ ਲਾਪਰਵਾਹੀ ਕਾਰਨ ਚੋਰ ਗਿਰੋਹ ਸਰਗਰਮ, 10 ਦਿਨਾਂ 'ਚ 10 ਚੋਰੀਆਂ ਨੂੰ ਦਿੱਤਾ ਅੰਜਾਮ
Monday, Oct 02, 2017 - 02:51 PM (IST)

ਅਜਨਾਲਾ (ਸੁਮਿਤ ਖੰਨਾ) — ਅਜਨਾਲਾ 'ਚ ਇਕ ਚਾਰ ਮੈਂਬਰਾਂ ਦਾ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ, ਇਹ ਚੋਰ ਗਿਰੋਹ ਇਕ ਹੀ ਰਾਤ 'ਚ ਤਿੰਨ ਤੋਂ ਚਾਰ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਇਨ੍ਹਾਂ ਕੋਲ ਦੁਕਾਨਾਂ ਦੇ ਸ਼ਟਰ ਤੋੜਨ ਵਾਲੇ ਸਰੀਏ, ਛੇਣੀ ਤੇ ਹਥੋੜੇ ਵੀ ਹਨ, ਜੋ ਸੀ. ਸੀ. ਟੀ. ਵੀ. ਫੁੱਟੇਜ 'ਚ ਸਾਫ ਦੇਖੇ ਜਾ ਸਕਦੇ ਹਨ ਤੇ ਇਹ ਹੀ ਨਹੀਂ ਚੋਰਾਂ ਦੇ ਚਿਹਰੇ ਵੀ ਫੁੱਟੇਜ 'ਚ ਸਾਫ ਦਿਖਾਈ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਅਜਨਾਲਾ ਪੁਲਸ ਇਨ੍ਹਾਂ ਚੋਰਾਂ ਨੂੰ ਗ੍ਰਿਫਤਾਰ ਕਰਨ 'ਚ ਅਸਮਰੱਥ ਹੈ।
ਉਥੇ ਹੀ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਦੁਖੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਇਕ ਰਾਤ 'ਚ ਹੀ ਕਈ ਦੁਕਾਨਾਂ ਤੇ ਮਾਤਾ ਰਾਣੀ ਦੇ ਮੰਦਰ ਨੂੰ ਨਿਸ਼ਾਨਾਂ ਬਣਾਇਆ ਤੇ ਜਦ ਉਹ ਇਸ ਸਾਰੀ ਘਟਨਾ ਦਾ ਵੀਡੀਓ ਫੁੱਟੇਜ ਲੈ ਕੇ ਪੁਲਸ ਸਟੇਸ਼ਨ ਪਹੁੰਚੇ ਉਸ ਦੇ ਬਾਵਜੂਦ ਕੋਈ ਪੁਲਸ ਕਰਮਚਾਰੀ ਆਪਣੇ ਫਰਜ਼ ਪ੍ਰਤੀ ਕੰਨੀ ਕਤਰਾਉਂਦੇ ਨਜ਼ਰ ਆਏ। ਦੂਜੇ ਪਾਸੇ ਇਕ ਹੋਰ ਪੀੜਤ ਮੋਨੂੰ ਚੋਪੜਾ ਨਾਲ ਵੀ ਕੁਝ ਅਜਿਹਾ ਹੀ ਹੋਇਆ ਮੋਨੂੰ ਨੇ ਪੁਲਸ ਕਰਮਚਾਰੀ 'ਤੇ ਦੋਸ਼ ਲਗਾਇਆ ਕਿ ਉਸ ਨੇ ਕਾਬੂ ਕੀਤੇ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਇ 5 ਹਜ਼ਾਰ ਰੁਪਏ ਦੀ ਰਕਮ ਵਸੂਲੀ ਤੇ ਉਨ੍ਹਾਂ ਨੂੰ ਛੱਡ ਦਿੱਤਾ।
ਇਸ ਤੋਂ ਇਲਾਵਾ ਇਕ ਬਜ਼ੁਰਗ ਦੰਪਤੀ ਦੇ ਘਰ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸੀ. ਸੀ. ਟੀ. ਵੀ. ਦੀ ਡੀ. ਵੀ. ਆਰ (ਡੀਜ਼ੀਟਲ ਵੀਡੀਓ ਰਿਕਾਰਡ) ਵੀ ਨਾਲ ਲੈ ਗਏ। ਗੁੱਸੇ 'ਚ ਆਏ ਬਜ਼ੁਰਗ ਦੰਪਤੀ ਨੇ ਕੈਪਟਨ ਸਰਕਾਰ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਆਮ ਜਨਤਾ ਦੀ ਸੁਰੱਖਿਆ ਕਰਨ 'ਚ ਫੇਲ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਅਜਨਾਲਾ 'ਚ ਚੋਰੀ ਤੇ ਲੁੱਟ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਇਨ੍ਹਾਂ ਮਾਮਲਿਆਂ ਸੰਬੰਧੀ ਜਦ ਜ਼ਿਲਾ ਐੱਸ. ਐੱਸ. ਪੀ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਹੁਤ ਜਲਦ ਇਸ ਚੋਰ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।