ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਕਦਮ ਚੁੱਕ ਰਹੀ ਪੰਜਾਬ ਸਰਕਾਰ, ਜਾਰੀ ਕੀਤਾ ਐਕਸ਼ਨ ਪਲਾਨ

Wednesday, May 10, 2023 - 01:51 PM (IST)

ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਕਦਮ ਚੁੱਕ ਰਹੀ ਪੰਜਾਬ ਸਰਕਾਰ, ਜਾਰੀ ਕੀਤਾ ਐਕਸ਼ਨ ਪਲਾਨ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਬਾਗਬਾਨੀ ਖੇਤਰ ’ਚ ਵਧ ਰਹੀਆਂ ਸੰਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਵਿੱਤੀ ਸਾਲ 2023-24 ਦੌਰਾਨ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਲਈ 4 ਕਰੋੜ 7 ਲੱਖ ਰੁਪਏ ਦਾ ਐਕਸ਼ਨ ਪਲਾਨ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਬਾਗਬਾਨੀ ਆਧਾਰਿਤ ਜ਼ਿਲ੍ਹਾ ਮੈਨੇਜਮੈਂਟ ਮਿਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਜ਼ਿਲ੍ਹੇ ’ਚ ਬਾਗਬਾਨੀ ਦੀਆਂ ਭਰਪੂਰ ਸੰਭਾਵਨਾਵਾਂ ਨੂੰ ਦੇਖਦਿਆਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਕਿਸਾਨਾਂ ਨੂੰ ਬਾਗ ਲਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ- ਵੱਡੀ ਲਾਪ੍ਰਵਾਹੀ! ਬਿਨਾਂ ਕਾਰਡ ਪੜ੍ਹੇ ਸਿਹਤ ਕਰਮੀਆਂ ਨੇ ਬੱਚੇ ਦੇ ਲਗਾਏ 4 ਟੀਕੇ, ਹੋਈ ਮੌਤ

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ’ਚ ਬਾਗਬਾਨੀ ਦੇ ਅੰਕੜਿਆਂ ’ਤੇ ਨਜ਼ਰ ਮਾਰਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਇਸ ਸਹਾਇਕ ਕਿੱਤੇ ਪ੍ਰਤੀ ਕਿਸਾਨਾਂ ਦਾ ਰੁਝਾਨ ਹੁਣ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ ਅਤੇ ਇਥੇ ਵੱਖ-ਵੱਖ ਫ਼ਲਾਂ, ਫੁੱਲਾਂ, ਸ਼ਹਿਦ ਉਤਪਾਦਨ, ਖੁੰਬਾਂ ਦੀ ਕਾਸ਼ਤ, ਪੋਲੀ ਹਾਊਸ, ਵਰਮੀ ਕੰਪੋਸਟ ਇਕਾਈਆਂ, ਹਾਈਬ੍ਰਿਡ ਬੀਜ ਤੇ ਸਬਜ਼ੀਆਂ ਦੀ ਪੈਦਾਵਾਰ ’ਚ ਦਿਲਚਸਪੀ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਵਾਲੀਆ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਸਵੈ-ਨਿਰਭਰਤਾ ਵਾਲਾ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਮੁੱਖ ਮਕਸਦ ਹੈ ਅਤੇ ਬਾਗਬਾਨੀ ’ਚ ਆਮਦਨ ਵਧਾਉਣ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ : ਵੋਟਿੰਗ ਦਰਮਿਆਨ CM ਮਾਨ ਨੇ ਕੀਤਾ ਟਵੀਟ, ਕਹੀ ਇਹ ਗੱਲ

ਉਨ੍ਹਾਂ ਕਿਹਾ ਕਿ ਇਹ ਐਕਸ਼ਨ ਪਲਾਨ ਜ਼ਿਲ੍ਹੇ ਦੇ ਕਿਸਾਨਾਂ ਦੀ ਮੰਗ ਅਤੇ ਬਾਗ਼ਬਾਨੀ ਫ਼ਸਲਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਦੇ ਅਗਾਂਹਵਧੂ ਕਿਸਾਨ ਬਾਗ਼ਾਂ ਹੇਠਲੇ ਰਕਬੇ ਨੂੰ ਵਧਾਉਣ ਲਈ ਵਧ-ਚੜ੍ਹ ਕੇ ਅੱਗੇ ਆਉਣ ਤੇ ਸਰਕਾਰ ਦੀਆਂ ਬਾਗਬਾਨੀ ਆਧਾਰਿਤ ਭਲਾਈ ਯੋਜਨਾਵਾਂ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਅਮਰੂਦ, ਕਿੰਨੂ, ਸਟਰਾਬੇਰੀ, ਆੜੂ ਦੇ ਨਾਲ ਨਾਲ ਫੁੱਲ, ਸ਼ੈੱਡ ਨੈੱਟ ਹਾਊਸ, ਪਲਾਸਟਿਕ ਮਲਚਿੰਗ, ਲੋਅ ਟਨਲ, ਪੋਲੀ ਹਾਊਸ ਤੇ ਸ਼ੈੱਡ ਨੈੱਟ ਹਾਊਸ ’ਚ ਉਚ ਕੀਮਤਾਂ ਵਾਲੀਆਂ ਸਬਜ਼ੀਆਂ ਲਗਾਉਣ ਵਾਲੇ ਸਮਾਨ, ਮਧੂ ਮੱਖੀ ਪਾਲਣ ਤੇ ਮਧੂ ਮੱਖੀ ਕਲੋਨੀ ਵਿਕਸਤ ਕਰਨ, ਪਾਵਰ ਟਿੱਲਰ, ਖੁੰਬਾਂ ਦਾ ਉਤਪਾਦਨ ਯੂਨਿਟ, ਖੁੰਭ ਸਪਾਨ ਲੈਬ, ਹਾਈਬ੍ਰਿਡ ਸੀਡ ਤੇ ਸੀਡ ਬੁਨਿਆਦੀ ਢਾਂਚਾ ਯੂਨਿਟ, ਪਿਆਜ਼ ਭੰਡਾਰ, ਵਰਮੀ ਕੰਪੋਸਟ ਯੂਨਿਟ ਆਦਿ ਸਮੇਤ ਅਨੇਕਾਂ ਹੋਰ ਇਕਾਈਆਂ, ਮਸ਼ੀਨਰੀ ਤੇ ਸਾਮਾਨ ਨੂੰ ਹੈਕਟੇਅਰ, ਸਕੇਅਰ ਮੀਟਰ ਅਤੇ ਗਿਣਤੀ ਅਨੁਸਾਰ ਸਬਸਿਡੀ ’ਤੇ ਮੁਹੱਈਆ ਕਰਵਾ ਕੇ ਨਿਰਧਾਰਿਤ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ ਗਈ ਹੈ। ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਕਿਹਾ ਕਿ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਕੋਈ ਵੀ ਕਿਸਾਨ ਵਿਭਾਗ ਦੇ ਬਲਾਕ ਦਫ਼ਤਰ ਜਾਂ ਜ਼ਿਲ੍ਹਾ ਦਫ਼ਤਰ ਵਿਖੇ ਸੰਪਰਕ ਕਰਕੇ ਵਿੱਤੀ ਸਹਾਇਤਾ ਲਈ ਬਿਨੈ ਕਰ ਸਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News