ਨਸ਼ਿਆਂ ਖ਼ਿਲਾਫ਼ ਐਕਸ਼ਨ 'ਚ ਪੰਜਾਬ ਪੁਲਸ, ਸਰਹੱਦੀ ਪਿੰਡਾਂ 'ਚ ਰਾਤਾਂ ਕੱਟਣਗੇ ਵੱਡੇ ਅਫ਼ਸਰ

Saturday, Aug 19, 2023 - 01:19 PM (IST)

ਜਲੰਧਰ (ਸੁਧੀਰ)–ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਨਸ਼ਾ ਸਮੱਗਲਰਾਂ 'ਤੇ ਮੁਜ਼ਰਮਾਂ ਨੂੰ ਨਕੇਲ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ਮੁਤਾਬਕ ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨੂੰ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਸਪੈਸ਼ਲ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਸੂਬੇ ਭਰ ਵਿਚ ਸਾਰੇ ਐੱਸ. ਐੱਸ. ਪੀਜ਼ ਅਤੇ ਪੁਲਸ ਕਮਿਸ਼ਨਰਾਂ ਨੂੰ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਨ ਲਈ ਸੂਬੇ ਭਰ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 1 ਸਾਲ ਦੌਰਾਨ ਪੰਜਾਬ ਪੁਲਸ ਦੀ ਸਖ਼ਤੀ ਕਾਰਨ ਸੂਬੇ ਭਰ ਵਿਚ 204 ਵੱਡੇ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਸਾਲ ਦੇ ਅੰਦਰ ਹੀ ਪੰਜਾਬ ਪੁਲਸ ਨੇ ਸੂਬੇ ਭਰ ਅਤੇ ਸਰਹੱਦੀ ਪਿੰਡਾਂ ਨੇੜਿਓਂ ਲਗਭਗ 735 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਪਹਿਲਾਂ ਵੀ ਪੰਜਾਬ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਮਾਮਲੇ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਂਦੀਆਂ ਸਨ ਪਰ ਹੁਣ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਪੰਜਾਬ ਪੁਲਸ ਨੇ ਸੂਬੇ ਭਰ ਵਿਚ ਨਸ਼ਾ ਸਮੱਗਲਰਾਂ ਦੀਆਂ ਲਗਭਗ 48 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਹਨ। ਇਸ ਦੇ ਨਾਲ ਹੀ ਨਸ਼ਾ ਸਮੱਗਲਰਾਂ ’ਤੇ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਦਿਵਾਉਣ ਦੀ ਪ੍ਰਕਿਰਿਆ ਨੂੰ ਵੀ ਹੋਰ ਤੇਜ਼ ਕਰਨ ਲਈ ਸੂਬੇ ਭਰ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਮਾਮਲਾ ਦਰਜ ਹੋਣ ਤੋਂ ਬਾਅਦ ਪੰਜਾਬ ਪੁਲਸ ਦੇ ਅਧਿਕਾਰੀ ਨਸ਼ਾ ਸਮੱਗਲਰਾਂ ’ਤੇ ਦਰਜ ਮਾਮਲਿਆਂ ਦੀ ਪੂਰੀ ਪੈਰਵੀ ਕਰਕੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਗੇ। ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਨਾਈਟ ਡੋਮੀਨੇਸ਼ਨ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ਹਿਰ ਵਿਚ ਰਾਤ ਸਮੇਂ ਨਾਕਿਆਂ ਵਿਚ ਹੋਰ ਵਾਧਾ ਕਰਨ ਦੇ ਨਾਲ-ਨਾਲ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਤੋਂ ਦਾਖ਼ਲ ਹੋਣ ਵਾਲੇ ਦੂਜੇ ਸੂਬਿਆਂ ਦੇ ਵਾਹਨਾਂ ਦੀ ਚੈਕਿੰਗ ਅਤੇ ਵਾਹਨ ਚਾਲਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਦੇਣ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ

ਇਸ ਤੋਂ ਇਲਾਵਾ ਰਾਤ ਨੂੰ ਪੀ. ਸੀ. ਆਰ. ਟੀਮਾਂ ਨੂੰ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਅਤੇ ਰਾਤ ਸਮੇਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡਾਂ ’ਤੇ ਵੀ ਚੌਕਸੀ ਵਰਤਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਮੌਕੇ ਜਲੰਧਰ ਦੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਬੀ. ਐੱਸ. ਐੱਫ਼. ਦੇ ਆਈ. ਜੀ. ਸ਼੍ਰੀ ਅਤੁਲ ਫੁਲਜਲੇ, ਆਈ. ਪੀ. ਐੱਸ. ਪ੍ਰਦੀਪ ਕੁਮਾਰ ਯਾਦਵ (ਆਈ. ਜੀ . ਲਾਅ ਐਂਡ ਆਰਡਰ) ਅਤੇ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ ਹਾਜ਼ਰ ਸਨ।

ਸਰਹੱਦੀ ਪਿੰਡਾਂ ਵਿਚ ਬੀ. ਐੱਸ. ਐੱਫ. ਤੇ ਪੰਜਾਬ ਪੁਲਸ ਦਾ ਜਲਦ ਚੱਲੇਗਾ ਸਾਂਝਾ ਆਪ੍ਰੇਸ਼ਨ: ਸਪੈਸ਼ਲ ਡੀ. ਜੀ. ਪੀ.
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਹੱਦੀ ਪਿੰਡਾਂ ਵਿਚ ਪੰਜਾਬ ਪੁਲਸ ਦਾ ਜਲਦ ਇਕ ਵੱਡਾ ਆਪ੍ਰੇਸ਼ਨ ਚੱਲੇਗਾ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਸਰਹੱਦੀ ਪਿੰਡਾਂ ਵਿਚ ਰਾਤ ਸਮੇਂ ਖੁਦ ਜਾ ਕੇ ਉਥੇ ਰੁਕਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਲੰਧਰ ਵਿਚ ਬੀ. ਐੱਸ. ਐੱਫ਼. ਦੇ ਅਧਿਕਾਰੀਆਂ ਨਾਲ ਹੋਈ ਇਕ ਸਾਂਝੀ ਮੀਟਿੰਗ ਵਿਚ ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਵਿਚ ਰਾਤ ਰੁਕਣ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਨਸ਼ਾ ਸਮੱਗਲਰਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਸੂਚਨਾ ਪੁਲਸ ਅਤੇ ਬੀ. ਐੱਸ. ਐੱਫ਼. ਨੂੰ ਦੇਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਤੇ ਬੀ. ਐੱਸ. ਐੱਫ਼. ਦੀ ਮੁਸਤੈਦੀ ਦੇ ਨਾਲ ਹੀ ਸਰਹੱਦੀ ਪਿੰਡਾਂ ਵਿਚ 34 ਡਰੋਨ ਫੜੇ ਗਏ। ਉਨ੍ਹਾਂ ਦੱਸਿਆ ਕਿ ਸਰਹੱਦੀ ਪਿੰਡਾਂ ਵਿਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਸੂਬੇ ਭਰ ਤੇ ਸਰਹੱਦੀ ਪਿੰਡਾਂ ਵਿਚ ਨਸ਼ਾ ਸਮੱਗਲਰਾਂ ’ਤੇ ਵੱਡੀ ਕਾਰਵਾਈ ਕਰਨ ਦੇ ਲਈ ਸਰਪ੍ਰਾਈਜ਼ ਚੈਕਿੰਗ ਆਪ੍ਰੇਸ਼ਨ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰਾਂ ਦੀ ਸੂਚਨਾ ਦੇਣ ਵਾਲਿਆਂ ਦਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਉਨ੍ਹਾਂ ਪੰਜਾਬ ਪੁਲਸ ਵੱਲੋਂ ਉਚਿਤ ਇਨਾਮ ਵੀ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ ਦੇ ਇਸ ਮਸ਼ਹੂਰ ਮੰਦਿਰ 'ਚ ਡਰੈੱਸ ਕੋਡ ਲਾਗੂ, ਕੈਪਰੀ ਤੇ ਛੋਟੇ ਕੱਪੜਿਆਂ ਸਣੇ ਵੈਸਟਰਨ ਡਰੈੱਸ 'ਤੇ ਲੱਗੀ ਪਾਬੰਦੀ

ਸਰਹੱਦੀ ਪਿੰਡਾਂ ਦੇ ਨਾਲ ਲੱਗਦੇ ਥਾਣਿਆਂ ਨੂੰ ਵੀ ਕੀਤਾ ਜਾਵੇਗਾ ਹਾਈਟੈੱਕ
ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਨਾਲ ਲੱਗਦੇ ਥਾਣਿਆਂ ਨੂੰ ਵੀ ਜਲਦ ਹਾਈਟੈੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਥਾਣਿਆਂ ਨੂੰ ਹਾਈਟੈੱਕ ਕਰਨ ਲਈ ਸੂਬਾ ਸਰਕਾਰ ਨੇ 20 ਕਰੋੜ ਰੁਪਏ ਫੰਡ ਪਾਸ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕਈ ਸਥਾਨਾਂ ’ਤੇ ਨਸ਼ਾ ਸਮੱਗਲਰਾਂ ’ਤੇ ਨਜ਼ਰ ਰੱਖਣ ਲਈ ਗੁਪਤ ਕੈਮਰੇ ਲਾਏ ਜਾਣਗੇ, ਜਦਕਿ ਥਾਣਿਆਂ ਨੂੰ ਵੀ ਹਾਈਟੈੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸਣੇ ਕਈ ਪਾਬੰਦੀਆਂ ਦੇ ਹੁਕਮ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News