ਬਰਸਾਤੀ ਪਾਣੀ ਦੇ ਨਿਕਾਸ ’ਚ ਰੁਕਾਵਟਾਂ ਪਾਉਣ ਵਾਲਿਆਂ ਖਿਲਾਫ ਹੋਵੇ ਸਖ਼ਤ ਕਾਰਵਾਈ
Sunday, Aug 26, 2018 - 03:40 AM (IST)

ਮੋਹਾਲੀ, (ਨਿਆਮੀਆਂ)-ਪਿਛਲੇ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਸ਼ਹਿਰ ਤੇ ਨੇਡ਼ਲੇ ਕਸਬਿਆਂ ਦੇ ਕਈ ਇਲਾਕਿਆਂ ’ਚੋਂ ਪਾਣੀ ਦੀ ਨਿਕਾਸੀ ਨਾ ਹੋਣ ਦੀਆਂ ਆ ਰਹੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਦੇ ਚੱਲਣ ਨੂੰ ਯਕੀਨੀ ਬਣਾਇਆ ਜਾਵੇ ਤੇ ਇਸ ’ਚ ਰੁਕਾਵਟਾਂ ਪਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਸਿੱਧੂ ਨੇ ਲਾਂਡਰਾਂ ਨੇਡ਼ੇ ਸਡ਼ਕ ਦੇ ਅਾਲੇ-ਦੁਆਲੇ ਬਣੀਆਂ ਡਰੇਨਾਂ ਦੀ ਸਫਾਈ ਨਾ ਹੋਣ ਦਾ ਗੰਭੀਰ ਨੋਟਿਸ ਲਿਆ ਤੇ ਮੌਕੇ ’ਤੇ ਆਪਣੀ ਨਿਗਰਾਨੀ ਹੇਠ ਸਫਾਈ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਡਰੇਨਾਂ ਦੀ ਪੂਰੀ ਸਫਾਈ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਪਾਣੀ ਦੇ ਨਿਕਾਸੀ ਵਿਚ ਕੋਈ ਰੁਕਾਵਟ ਪੈਦਾ ਨਾ ਹੋਵੇ। ਇਸ ਮੌਕੇ ਲਾਂਡਰਾਂ ਦੇ ਵਸਨੀਕਾਂ ਵਲੋਂ ਸਿੱਧੂ ਦੇ ਧਿਆਨ ’ਚ ਲਿਆਂਦਾ ਗਿਅਾ ਕਿ ਪਿੰਡ ਦੇ ਟੋਭੇ ਦੇ ਪਾਣੀ ਦੀ ਨਿਕਾਸੀ ਵੀ ਬੰਦ ਕੀਤੀ ਗਈ, ਜਿਸ ਕਾਰਨ ਟੋਭੇ ਦਾ ਪਾਣੀ ਘਰਾਂ ਵਿਚ ਵਡ਼ ਰਿਹਾ। ਸਿੱਧੂ ਨੇ ਮੌਕਾ ਦੇਖਿਆ ਤੇ ਟੋਭੇ ਦੇ ਪਾਣੀ ਦੀ ਰੁਕੀ ਹੋਈ ਨਿਕਾਸੀ ਨੂੰ ਵੀ ਚਾਲੂ ਕਰਵਾਇਆ। ਇਸ ਮੌਕੇ ਸਾਬਕਾ ਸਰਪੰਚ ਹਰਚਰਨ ਸਿੰਘ ਗਿੱਲ, ਦਿਲਬਾਗ ਸਿੰਘ ਨੰਬਰਦਾਰ, ਸਤਨਾਮ ਸਿੰਘ ਲਾਂਡਰਾਂ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਭਾਗ ਸਿੰਘ ਨੰਬਰਦਾਰ, ਨਿੰਮਾ ਸਿੰਘ, ਜਗਦੀਪ ਸਿੰਘ, ਗੁਰਜੰਟ ਸਿੰਘ, ਜੈ ਕਿਸ਼ਨ ਵਰਮਾ (ਬਿੱਟੂ), ਪਾਲ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ, ਜਸਮਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ।