ਫ਼ੌਜ ਵੱਲੋਂ ਵੇਰਕਾ ਮਿਲਕ ਪਾਊਡਰ ਰਿਜੈਕਟ ਕਰਨ ਦੇ ਮਾਮਲੇ ਦੀ ਹੋਵੇ ਉੱਚ ਪੱਧਰੀ ਜਾਂਚ : ਰੰਧਾਵਾ

Friday, Mar 27, 2026 - 11:21 AM (IST)

ਫ਼ੌਜ ਵੱਲੋਂ ਵੇਰਕਾ ਮਿਲਕ ਪਾਊਡਰ ਰਿਜੈਕਟ ਕਰਨ ਦੇ ਮਾਮਲੇ ਦੀ ਹੋਵੇ ਉੱਚ ਪੱਧਰੀ ਜਾਂਚ : ਰੰਧਾਵਾ

ਚੰਡੀਗੜ੍ਹ (ਅੰਕੁਰ)- ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਫ਼ੌਜ ਵੱਲੋਂ ਵੇਰਕਾ ਮਿਲਕ ਪਾਊਡਰ ਦੀ ਇਕ ਖੇਪ ਨੂੰ ਰੱਦ ਕਰਨ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਮਲਕੀਅਤ ਵਾਲੇ ਇਕ ਪ੍ਰਮੁੱਖ ਡੇਅਰੀ ਬ੍ਰਾਂਡ ਵਿਰੁੱਧ ਉਠਾਈਆਂ ਗਈਆਂ ਚਿੰਤਾਵਾਂ ’ਤੇ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਇਸ ਮਾਮਲੇ ’ਚ ਸੂਬਾ ਸਰਕਾਰ ਦੇ ਗੁਣਵੱਤਾ ਕੰਟਰੋਲ ਅਤੇ ਨਿਗਰਾਨ ਪ੍ਰਣਾਲੀਆਂ ’ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ ਕਿ ਜੇ ਕੋਈ ਉਤਪਾਦ ਫ਼ੌਜ ਦੇ ਮਾਪਦੰਡਾਂ ’ਤੇ ਖਰਾ ਨਹੀਂ ਉੱਤਰਦਾ ਤਾਂ ਆਮ ਲੋਕਾਂ ਨੂੰ ਇਸ ਦੀ ਵੰਡ ਇਕ ਗੰਭੀਰ ਜਨਤਕ ਸਿਹਤ ਚਿੰਤਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਹਮੇਸ਼ਾ ਪੰਜਾਬ ਦਾ ਮਾਣ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪ੍ਰਮੁੱਖ ਬ੍ਰਾਂਡ ਦੀ ਸਾਖ਼ ਨੂੰ ਢਾਹ ਲਾਈ ਹੈ। ‘ਆਪ’ ਸਰਕਾਰ ਆਪਣੀ ਗੁਣਵੱਤਾ ਬਾਰੇ ਉਠਾਏ ਗਏ ਸਵਾਲਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ ਕਿ ਇਸ ਮੁੱਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੰਗੇ ਸ਼ਾਸਨ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਰਕਾਰ ਤੋਂ ਤੁਰੰਤ ਪਾਰਦਰਸ਼ਤਾ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਉੱਚ ਪੱਧਰੀ ਸੁਤੰਤਰ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਫ਼ੌਜ ਵੱਲੋਂ ਰੱਦ ਕੀਤੀ ਗਈ ਖੇਪ ਦੀ ਗੁਣਵੱਤਾ ਜਾਂਚ ਰਿਪੋਰਟ ਜਨਤਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ’ਚ ਕੋਈ ਲਾਪ੍ਰਵਾਹੀ ਜਾਂ ਗ਼ਲਤੀ ਮਿਲਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


author

Anmol Tagra

Content Editor

Related News