ਕਪੂਰਥਲਾ: ਰਿਸ਼ਤੇਦਾਰ ਨੇ ਨਾਬਾਲਗ ਲੜਕੀ 'ਤੇ ਸੁੱਟਿਆ ਤੇਜ਼ਾਬ

02/08/2018 8:27:25 PM

ਕਪੂਰਥਲਾ,(ਭੂਸ਼ਣ)— ਇਕ ਕਲਯੁੱਗੀ ਚਾਚੇ ਨੇ ਵੀਰਵਾਰ ਨੂੰ ਇਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਆਪਣੀ ਭਤੀਜੀ 'ਤੇ ਤੇਜ਼ਾਬ ਸੁੱਟ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ । ਉਥੇ ਹੀ ਇਕ ਨੌਜਵਾਨ ਦੀ ਬਹਾਦਰੀ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਲੋਕਾਂ ਦੀ ਮਦਦ ਨਾਲ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਸਿਟੀ ਪੁਲਸ ਨੇ ਲੜਕੀ 'ਤੇ ਸੁੱਟੇ ਗਏ ਪਦਾਰਥ ਨੂੰ ਪੈਟਰੋਲ ਦੱਸਿਆ ਹੈ, ਜਿਸ ਨੂੰ ਲੈ ਕੇ ਸਿਟੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।  
ਜਾਣਕਾਰੀ ਮੁਤਾਬਕ ਔਜਲਾ ਫਾਟਕ ਖੇਤਰ ਵਿਚ ਵੀਰਵਾਰ ਦੀ ਦੁਪਹਿਰ 12ਵੀਂ ਦੀ ਇਕ ਵਿਦਿਆਰਥਣ 'ਤੇ ਉਸ ਸਮੇਂ ਉਸ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਤੇਜ਼ਾਬ ਸੁੱਟ ਦਿੱਤਾ, ਜਦੋਂ ਉਹ ਘਰ ਦੀ ਰਸੋਈ ਵਿਚ ਕੰਮ ਕਰ ਰਹੀ ਸੀ। ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਖੜ੍ਹੇ ਸੰਦੀਪ ਨਾਂ ਦੇ ਇਕ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਭੱਜ ਰਹੇ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਕੇ ਪੂਰੀ ਘਟਨਾ ਸਬੰਧੀ ਸਿਟੀ ਪੁਲਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਅਤੇ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਪੁਲਸ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਥੇ ਹੀ ਤੇਜ਼ਾਬ ਨਾਲ ਸੜ ਚੁੱਕੀ ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਭੇਜਿਆ ਗਿਆ, ਜਿਥੇ ਲੜਕੀ ਦੇ ਮੂੰਹ ਦੇ ਕੁਝ ਹਿੱਸੇ ਅਤੇ ਸਰੀਰ ਦੇ ਕੁਝ ਹਿੱਸੇ 'ਤੇ ਤੇਜ਼ਾਬ ਸੁੱਟਣ ਕਾਰਨ ਕਾਫ਼ੀ ਹੱਦ ਤਕ ਸੜਨ ਦੇ ਨਿਸ਼ਾਨ ਮਿਲੇ। 
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਜ਼ਖ਼ਮੀ ਲੜਕੀ ਨੇ ਦੱਸਿਆ ਕਿ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸ ਦੇ ਪਿਤਾ ਦੇ ਭੂਆ ਦੇ ਲੜਕੇ ਹਰਦੀਸ਼ ਸਿੰਘ ਉਰਫ ਦੀਸ਼ਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਧਨੌਲੀ ਥਾਣਾ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਨੇ ਉਸ ਸਮੇਂ ਉਸ 'ਤੇ ਤੇਜ਼ਾਬ ਸੁੱਟਿਆ, ਜਦੋਂ ਉਹ ਸਕੂਲ ਤੋਂ ਪਰਤ ਕੇ ਘਰ ਪਹੁੰਚੀ ਸੀ। 
ਦੱਸਿਆ ਜਾ ਰਿਹਾ ਹੈ ਹਰਦੀਸ਼ ਸਿੰਘ ਉਰਫ ਦੀਸ਼ਾ ਬੀਤੇ 14 ਸਾਲਾਂ ਤੋਂ ਗਰੀਸ ਵਿਚ ਰਹਿ ਰਿਹਾ ਹੈ ਅਤੇ ਉਹ ਰਿਸ਼ਤੇ ਵਿਚ ਲੜਕੀ ਦਾ ਚਾਚਾ ਲੱਗਦਾ ਹੈ। ਉਥੇ ਹੀ ਇਸ ਸਬੰਧੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਅਤੇ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿਛ ਵਿਚ ਖੁਲਾਸਾ ਹੋਇਆ ਕਿ ਮੁਲਜ਼ਮ ਹਰਦੀਸ਼ ਸਿੰਘ ਉਰਫ ਦੀਸ਼ਾ ਦਾ ਪੀੜਤ ਪਰਿਵਾਰ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਉਹ ਇਕ ਬੋਤਲ ਵਿਚ ਪੈਟਰੋਲ ਭਰ ਕੇ ਉਸਨੂੰ ਕਿੱਟ ਵਿਚ ਪਾ ਕੇ ਆਪਣੇ ਨਾਲ ਲਿਆਇਆ ਸੀ। ਮੁਲਜ਼ਮ ਦੀ ਸਾਜ਼ਿਸ਼ ਪੈਟਰੋਲ ਦੀ ਬੋਤਲ ਨੂੰ ਪੈਟਰੋਲ ਬੰਬ ਦੇ ਤੌਰ 'ਤੇ ਇਸਤੇਮਾਲ ਵਿਚ ਲਿਆ ਕੇ ਘਰ ਨੂੰ ਸਾੜਨ ਦੀ ਸੀ ਪਰ ਇਸ ਦੌਰਾਨ ਪੀੜਤ ਲੜਕੀ ਦੇ ਰਸੋਈ ਵਿਚ ਜਾਂਦੇ ਹੀ ਮੁਲਜ਼ਮ ਨੇ ਉਸ 'ਤੇ ਪੈਟਰੋਲ ਸੁੱਟ ਦਿੱਤਾ।ਜਿਸ ਦੌਰਾਨ ਰਸੋਈ ਗੈਸ 'ਤੇ ਪੈਟਰੋਲ ਡਿੱਗਣ ਨਾਲ ਅੱਗ ਫੈਲ ਗਈ।  
ਡਿਊਟੀ 'ਤੇ ਮੌਜੂਦ ਡਾਕਟਰਾਂ ਮੁਤਾਬਕ ਲੜਕੀ ਦੇ ਸਰੀਰ ਦਾ 20 ਫ਼ੀਸਦੀ ਹਿੱਸਾ ਝੁਲਸ ਗਿਆ ਹੈ ਅਤੇ ਸ਼ੁਰੂਆਤੀ ਤੌਰ 'ਤੇ ਇਹ ਪਦਾਰਥ ਤੇਜ਼ਾਬ ਹੀ ਲੱਗਦਾ ਹੈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਹਰਦੀਸ਼ ਸਿੰਘ ਉਰਫ ਦੀਸ਼ਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ।  
 


Related News