2 ਨੌਜਵਾਨਾਂ ''ਤੇ ਤੇਜ਼ਾਬ ਨਾਲ ਹਮਲੇ ਦਾ ਮਾਮਲਾ, ਪੁਲਸ ਨੂੰ ਅਜੇ ਤੱਕ ਨਹੀਂ ਲੱਗਾ ਹਮਲਾਵਰਾਂ ਦਾ ਸੁਰਾਗ
Sunday, Aug 16, 2020 - 03:46 PM (IST)
ਨਾਭਾ (ਜੈਨ) : ਕਰੀਬ 28 ਦਿਨਾਂ ਬਾਅਦ ਵੀ ਨਾਭਾ ਪੁਲਸ ਦੋ ਨੌਜਵਾਨਾਂ ’ਤੇ ਹੋਏ ਤੇਜ਼ਾਬੀ ਹਮਲੇ ਦੇ ਹਮਲਾਵਰਾਂ ਦਾ ਸੁਰਾਗ ਲਾਉਣ 'ਚ ਅਸਫ਼ਲ ਰਹੀ। ਇੱਥੇ ਕੋਤਵਾਲੀ ਪੁਲਸ ਤੇ ਐਸ. ਐਚ. ਓ. ਦੇ ਕੁਆਟਰਾਂ ਨੇੜੇ ਬਠਿੰਡੀਆਂ ਮੁਹੱਲਾ 'ਚ ਦੋ ਗਰੀਬ ਨੌਜਵਾਨਾਂ ਮਨਪ੍ਰੀਤ ਉਰਫ਼ ਰਾਜੂ ਤੇ ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਅਸ਼ੋਕ ਕੁਮਾਰ ’ਤੇ ਦੋਪਹੀਆ ਵਾਹਨ ਸਵਾਰ ਦੋ ਨਕਾਬਪੋਸ਼ਾਂ ਨੇ 19 ਜੁਲਾਈ ਦੀ ਰਾਤ 9 ਵਜੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਸੀ।
ਕੁੱਝ ਦਿਨਾ ਤੱਕ ਰਜਿੰਦਰਾ ਹਸਪਤਾਲ ਪਟਿਆਲਾ 'ਚ ਦਾਖ਼ਲ ਰਹਿਣ ਤੋਂ ਬਾਅਦ ਦੋਵੇਂ ਨੌਜਵਾਨ ਹੁਣ ਆਪਣੇ-ਆਪਣੇ ਘਰਾਂ 'ਚ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜ ਰਹੇ ਹਨ ਪਰ ਪੁਲਸ ਨਾ ਹੀ ਤੇਜਾਬ ਸਪਲਾਈ ਕਰਨ ਵਾਲੇ ਵਿਅਕਤੀ ਅਤੇ ਨਾ ਹੀ ਹਮਲਾਵਰਾਂ ਦਾ ਕੋਈ ਸੁਰਾਗ ਲਾ ਸਕੀ ਹੈ। ਤੇਜਾਬ ਦੀ ਵਿਕਰੀ ’ਤੇ ਪਾਬੰਦੀ ਹੈ। ਦੂਜੇ ਪਾਸੇ ਇਨ੍ਹਾਂ ਦੋਵੇਂ ਸਬਜ਼ੀ ਵਿਕਰੀ ਕਰਨ ਵਾਲੇ ਪਰਿਵਾਰਾਂ ਦੀ ਪ੍ਰਸ਼ਾਸ਼ਨ ਨੇ ਹੁਣ ਤੱਕ ਕੋਈ ਆਰਥਿਕ ਮੱਦਦ ਨਹੀਂ ਕੀਤੀ।
ਸ਼੍ਰੋਮਣੀ ਅਕਾਲੀ ਦਲ ਆਗੂ ਮੱਖਣ ਸਿੰਘ ਲਾਲਕਾ ਦਾ ਕਹਿਣਾ ਹੈ ਕਿ ਜੇਕਰ ਪੁਲਸ ਘਟਨਾ ਸਥਾਨ ’ਤੇ ਤੁਰੰਤ ਪਹੁੰਚਦੀ ਤੇ ਡਾਗ ਸਕੁਏਡ ਦੀ ਮਦਦ ਨਾਲ ਜਾਂਚ ਕੀਤੀ ਜਾਂਦੀ ਤਾਂ ਹਮਲਾਵਰ ਹੁਣ ਤੱਕ ਫੜ੍ਹੇ ਜਾਂਦੇ ਪਰ ਪੁਲਸ ਨੇ ਮਾਮਲਾ ਦਰਜ ਕਰਨ 'ਚ ਹੀ 16-17 ਘੰਟੇ ਲਾ ਦਿੱਤੇ। ਇਕ ਨੌਜਵਾਨ ਦੀ ਅੱਖ ਦੀ ਰੌਸ਼ਨੀ ਚਲੀ ਗਈ। ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਤੇਜਾਬੀ ਹਮਲਾ ਹੋਇਆ ਪਰ ਕਿਸੇ ਵੀ ਉੱਚ ਅਧਿਕਾਰੀ ਨੇ ਇਨ੍ਹਾਂ ਪਰਿਵਾਰਾਂ ਦੀ ਨਾ ਹੀ ਮਦਦ ਕੀਤੀ ਤੇ ਨਾ ਹੀ ਇਲਾਜ ਕਰਵਾਇਆ। ਐਸ. ਐਸ. ਪੀ. ਤੇ ਡਿਪਟੀ ਕਮਿਸ਼ਨਰ ਤੋਂ ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਏ ਤਾਂ ਕਿ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।