ਜਲੰਧਰ: ਪੀ. ਏ. ਪੀ. ਚੌਕ ਨੇੜੇ ਲੜਕੀ 'ਤੇ ਅਣਪਛਾਤੇ ਨੌਜਵਾਨਾਂ ਨੇ ਸੁੱਟਿਆ ਤੇਜ਼ਾਬ

Wednesday, Jan 30, 2019 - 12:08 PM (IST)

ਜਲੰਧਰ: ਪੀ. ਏ. ਪੀ. ਚੌਕ ਨੇੜੇ ਲੜਕੀ 'ਤੇ ਅਣਪਛਾਤੇ ਨੌਜਵਾਨਾਂ ਨੇ ਸੁੱਟਿਆ ਤੇਜ਼ਾਬ

ਜਲੰਧਰ (ਸੋਨੂੰ,ਮਹੇਸ਼)— ਜਲੰਧਰ ਦੇ ਮਸ਼ਹੂਰ ਪੀ. ਏ. ਪੀ. ਚੌਕ ਨੇੜੇ ਇਕ ਲੜਕੀ 'ਤੇ ਐਸਿਡ ਅਟੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਪਛਾਣ ਮਨਿੰਦਰ ਕੌਰ ਦੇ ਰੂਪ 'ਚ ਹੋਈ ਹੈ ਜੋਕਿ ਜੌਹਲ ਹਸਪਤਾਲ 'ਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦੀ ਹੈ। ਪਤਾ ਲੱਗਾ ਹੈ ਕਿ ਉਹ ਆਟੋ ਵਿਚ ਬੈਠ ਕੇ ਟਰਾਂਸਪੋਰਟ ਨਗਰ ਤੋਂ ਪੀ. ਏ. ਪੀ. ਚੌਕ ਵੱਲ ਜਾ ਰਹੀ ਸੀ ਅਤੇ ਜਿੱਥੋਂ ਹਸਪਤਾਲ ਜਾਣ ਲਈ ਦੂਜੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਉਥੇ ਆਏ। ਪਿੱਛੇ ਬੈਠੇ ਨੌਜਵਾਨ ਨੇ ਹੇਠਾਂ ਉੱਤਰ ਕੇ  ਉਸ ਦੇ ਮੂੰਹ ਦੇ ਸੱਜੇ ਪਾਸੇ ਤੇਜ਼ਾਬ ਸੁੱਟ ਦਿੱਤਾ ਅਤੇ ਬਾਅਦ ਵਿਚ ਮੋਟਰਸਾਈਕਲ 'ਤੇ ਆਪਣੇ ਸਾਥੀ ਨਾਲ ਭੱਜ ਗਿਆ। ਉਥੇ ਮੌਜੂਦ ਇਕ ਆਟੋ ਚਾਲਕ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਮਹਿਲਾ ਨੂੰ ਤੁਰੰਤ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। 
PunjabKesari

ਹਸਪਤਾਲ ਦੇ ਡਾਕਟਰ ਬੀ. ਐੱਸ. ਜੌਹਲ ਦਾ ਕਹਿਣਾ ਹੈ ਲੜਕੀ ਦੀ ਹਾਲਤ ਫਿਲਹਾਲ ਜ਼ਿਆਦਾ ਖਰਾਬ ਨਹੀਂ ਹੈ ਪਰ ਇਹੋ ਜਿਹੇ ਮਾਮਲਿਆਂ 'ਚ ਪੀੜਤ ਨੂੰ ਹੋਏ ਨੁਕਸਾਨ ਦਾ ਥੋੜ੍ਹਾ ਸਮਾਂ ਬਾਅਦ ਪਤਾ ਚਲਦਾ ਹੈ। ਇਸ ਲਈ ਉਸ ਨੂੰ ਫਿਲਹਾਲ ਡਾਕਟਰੀ ਨਿਗਰਾਨੀ 'ਚ ਰੱਖਿਆ ਗਿਆ ਹੈ । 

ਆਟੋ ਚਾਲਕਾਂ ਨੇ ਦਿਖਾਈ ਹਿੰਮਤ 
ਪੀ.  ਏ. ਪੀ. ਚੌਕ ਵਿਚ ਖੜ੍ਹੇ ਆਟੋ ਚਾਲਕਾਂ ਨੇ ਜਿਵੇਂ ਹੀ ਲੜਕੀ ਦੇ ਮੂੰਹ 'ਤੇ ਤੇਜ਼ਾਬ ਪਿਆ ਦੇਖਿਆ ਤਾਂ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਇਆ ਤੁਰੰਤ ਉਸ ਨੂੰ ਪਾਣੀ ਨਾਲ ਸਾਫ ਕਰਨ  ਦੀ ਕੋਸ਼ਿਸ਼ ਕੀਤੀ ਤਾਂ ਜੋ ਤੇਜ਼ਾਬ ਕਾਰਨ ਉਸ ਦੇ ਮੂੰਹ ਨੂੰ ਸੜਨ ਤੋਂ ਬਚਾਇਆ ਜਾ ਸਕੇ।  ਜੇਕਰ ਉਹ ਅਜਿਹਾ ਕਦਮ ਨਾ ਉਠਾਉਂਦੇ ਤਾਂ ਲੜਕੀ ਦੇ ਮੂੰਹ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਸੀ ਅਤੇ ਉਸ ਦੀ ਜਾਨ ਵੀ ਖਤਰੇ 'ਚ ਪੈ ਸਕਦੀ ਸੀ।

ਸੂਚਨਾ ਮਿਲਦਿਆਂ ਹੀ ਕਮਿਸ਼ਨਰੇਟ ਪੁਲਸ 'ਚ ਮਚੀ ਭਾਜੜ
ਡਿਊਟੀ 'ਤੇ ਜਾ ਰਹੀ ਲੜਕੀ 'ਤੇ ਤੇਜ਼ਾਬ ਸੁੱਟੇ ਜਾਣ ਦੀ ਸੂਚਨਾ ਮਹਾਨਗਰ ਵਿਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਕਮਿਸ਼ਨਰੇਟ ਪੁਲਸ ਵਿਚ ਭਾਜੜ ਮਚ ਗਈ। ਘਟਨਾ ਦੇ ਤੁਰੰਤ ਬਾਅਦ ਏ. ਡੀ. ਸੀ.  ਪੀ. ਸਿਟੀ-2  ਸੂਡਰਵਿਜੀ, ਏ. ਸੀ. ਪੀ. ਜਲੰਧਰ ਕੈਂਟ ਦਲਵੀਰ ਸਿੰਘ ਸਿੱਧੂ ਅਤੇ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਔਲਖ ਮੌਕੇ 'ਤੇ ਪਹੁੰਚ ਗਏ। ਪੁਲਸ ਕਾਫੀ ਦੇਰ  ਤੱਕ ਪੀ. ਏ. ਪੀ. ਚੌਕ ਵਿਚ ਜਾਂਚ ਕਰਦੀ ਰਹੀ। ਜਿਸ ਤੋਂ ਬਾਅਦ ਜੌਹਲ ਹਸਪਤਾਲ ਪਹੁੰਚ ਗਈ।

ਪਰਿਵਾਰ ਸਹਿਮਿਆ, ਪਿਤਾ ਅਤੇ ਹੋਰ ਰਿਸ਼ਤੇਦਾਰ ਪਹੁੰਚੇ ਹਸਪਤਾਲ
ਬੇਟੀ 'ਤੇ ਤੇਜ਼ਾਬ ਸੁੱਟੇ ਜਾਣ ਦੀ ਸੂਚਨਾ ਜਿਵੇਂ ਹੀ ਉਸ ਦੇ ਘਰ ਵਾਲਿਆਂ ਨੂੰ ਮਿਲੀ ਤਾਂ ਸਾਰੇ ਪਰਿਵਾਰ ਵਾਲੇ ਸਹਿਮ ਗਏ। ਮੇਹਟੀਆਣਾ ਜੀ. ਐੱਨ. ਏ. ਵਿਚ ਕੰਮ ਕਰਦੇ ਉਸ ਦੇ ਪਿਤਾ ਗੁਰਮੀਤ  ਸਿੰਘ ਅਤੇ ਹੋਰ ਰਿਸ਼ਤੇਦਾਰ ਜੌਹਲ ਹਸਪਤਾਲ ਪਹੁੰਚ ਗਏ ਅਤੇ ਉਹ ਉਦੋਂ ਤੱਕ ਘਬਰਾਏ ਸਨ ਜਦੋਂ  ਤੱਕ ਡਾ. ਜੌਹਲ ਨੇ ਲੜਕੀ ਦੀ ਜਾਨ ਨੂੰ ਕੋਈ ਖਤਰਾ ਨਾ ਹੋਣ ਦੀ ਗੱਲ ਨਹੀਂ ਕਹੀ ਸੀ।  ਪਿਤਾ ਨੇ ਵੀ ਪੁਲਸ ਨੂੰ ਮੁਲਜ਼ਮਾਂ 'ਤੇ ਸਖਤ ਕਾਰਵਾਈ ਕਰਨ ਲਈ ਕਿਹਾ ਤਾਂ ਜੋ ਉਹ ਕਿਸੇ  ਹੋਰ ਨਾਲ ਇਹੋ ਜਿਹੀ ਘਿਨੌਣੀ ਹਰਕਤ ਨਾ ਸਕਣ।

ਲੜਕੀ ਨੇ ਕਿਹਾ- Îਕਿਸੇ ਨਾਲ ਕੋਈ ਰੰਜਿਸ਼ ਨਹੀਂ 
ਹਸਪਤਾਲ 'ਚ ਇਲਾਜ ਅਧੀਨ ਲੜਕੀ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਸ ਦੀ ਕਿਸੇ ਨਾਲ ਕੋਈ ਵੀ  ਰੰਜਿਸ਼ ਨਹੀਂ  ਹੈ। ਉਸ ਨੂੰ ਨਹੀਂ ਪਤਾ ਕਿ ਉਸ 'ਤੇ ਤੇਜ਼ਾਬ ਸੁੱਟਣ ਵਾਲੇ ਕਿਹੜੇ ਲੜਕੇ  ਹੋ ਸਕਦੇ ਹਨ। ਉਸ ਨੇ ਕਿਹਾ ਕਿ ਉਹ ਖੁਦ ਇਸ ਗੱਲ ਨੂੰ ਲੈ ਕੇ ਹੈਰਾਨ ਅਤੇ ਪ੍ਰੇਸ਼ਾਨ ਹੈ  ਕਿ ਨੌਜਵਾਨਾਂ ਨੇ ਉਸ ਨਾਲ ਅਜਿਹੀ ਘਿਨਾਉਣੀ ਹਰਕਤ ਕਿਉਂ ਕੀਤੀ। ਐੱਸ. ਐੱਚ.  ਓ. ਸੁਖਦੇਵ  ਸਿੰਘ ਔਲਖ ਨੇ ਦੱਸਿਆ ਕਿ ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਮੌਕੇ ਤੋਂ ਭੱਜੇ ਨੌਜਵਾਨਾਂ ਖਿਲਾਫ ਕੈਂਟ ਵਿਚ ਆਈ. ਪੀ. ਸੀ. ਦੀ ਧਾਰਾ 326 ਏ. ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਭਾਲ ਵਿਚ ਦੇਰ ਰਾਤ ਤੱਕ ਛਾਪੇਮਾਰੀ ਕੀਤੀ ਜਾ ਰਹੀ ਸੀ।

ਟਰਾਂਸਪੋਰਟ ਨਗਰ  ਤੋਂ ਲੈ ਕੇ ਪੀ. ਏ. ਪੀ. ਦੇ ਗੇਟ ਨੰ. 1 ਤੱਕ ਖੰਗਾਲੀ ਫੁਟੇਜ
ਘਟਨਾ  ਦੇ ਬਾਅਦ ਕਮਿਸ਼ਨਰੇਟ ਪੁਲਸ ਨੇ ਮੁਲਜ਼ਮਾਂ ਤੱਕ ਪਹੁੰਚਣ ਲਈ ਟਰਾਂਸਪੋਰਟ ਨਗਰ ਤੋਂ ਲੈ ਕੇ  ਪੀ. ਏ. ਪੀ. ਗੇਟ ਨੰ. 1 ਰਾਮਾ ਮੰਡੀ ਚੌਕ ਦੇ ਕੋਲ ਤੱਕ ਵੱਖ-ਵੱਖ ਥਾਵਾਂ 'ਤੇ ਲੱਗੇ ਹੋਏ  ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਹੈ। ਗੇਟ ਨੰ. 4, 3, 2 ਕੋਲ ਲੱਗੇ  ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ। ਕੁਝ ਕੈਮਰਿਆਂ ਵਿਚ ਵਾਰਦਾਤ ਨੂੰ ਅੰਜਾਮ ਦੇਣ  ਵਾਲੇ ਨੌਜਵਾਨ ਕੈਦ ਤਾਂ ਹੋ ਗਏ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਆਉਣ ਵਾਲੇ 24 ਘੰਟਿਆਂ 'ਚ ਮੁਲਜ਼ਮ ਬੇਨਕਾਬ ਕਰ ਦਿੱਤੇ ਜਾਣਗੇ।


author

shivani attri

Content Editor

Related News