ਵਾਈਨ ਸ਼ਾਪ ''ਚ ਲੁੱਟ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ, ਦੁਸ਼ਮਣ ਦੇ ਕਤਲ ਲਈ ਕਪੂਰਥਲਾ ਤੋਂ ਖ਼ਰੀਦਿਆ ਸੀ ਵੈਪਨ
Wednesday, Nov 01, 2023 - 12:01 PM (IST)
ਜਲੰਧਰ (ਵਰੁਣ, ਸੁਧੀਰ)–66 ਫੁੱਟੀ ਰੋਡ ’ਤੇ ਵਾਈਨ ਸ਼ਾਪ ਵਿਚ ਦਾਖ਼ਲ ਹੋ ਕੇ ਲੁੱਟ ਕਰਨ ਵਾਲੇ ਮੁਲਜ਼ਮਾਂ ਦੀ ਪੁਲਸ ਨੇ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਦੱਸਿਆ ਕਿ ਪੁਲਸ ਪਾਰਟੀ ’ਤੇ ਗੋਲ਼ੀਆਂ ਚਲਾਉਣ ਵਾਲਾ ਲੁਟੇਰਾ ਮੁਜਰਮਾਨਾ ਅਕਸ ਦਾ ਹੈ। ਦੋਵਾਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਮਨੀ ਡਾਨ ਨੇ ਆਪਣੇ ਇਕ ਦੁਸ਼ਮਣ ਨੂੰ ਕਤਲ ਕਰਨ ਲਈ ਕਪੂਰਥਲਾ ਦੇ ਜਾਣਕਾਰ ਹਰਵਿੰਦਰ ਸਿੰਘ ਤੋਂ ਵੈਪਨ ਖ਼ਰੀਦਿਆ ਸੀ। ਲੁੱਟਖੋਹ ਕਰਕੇ ਉਹ ਆਪਣੇ ਨਸ਼ੇ ਦੀ ਪੂਰਤੀ ਕਰਦਾ ਸੀ।
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਰਵਣ ਸਿੰਘ ਉਰਫ਼ ਮਨੀ ਡਾਨ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਲੁਹਾਰਾਂ ਅਤੇ ਅੰਮ੍ਰਿਤਪਾਲ ਉਰਫ਼ ਕਾਕਾ ਪੁੱਤਰ ਅਜੀਤ ਸਿੰਘ ਨਿਵਾਸੀ ਤਾਜਪੁਰ ਵਜੋਂ ਹੋਈ ਹੈ। ਸੀ. ਪੀ. ਨੇ ਦੱਸਿਆ ਕਿ ਭਾਰਗੋ ਕੈਂਪ ਵਿਚ ਸੀ. ਆਈ. ਏ. ਸਟਾਫ਼ ਦੀ ਟੀਮ ’ਤੇ ਗੋਲ਼ੀਆਂ ਚਲਾਉਣ ’ਤੇ ਸਰਵਣ ਉਰਫ਼ ਮਨੀ ਡਾਨ ਖ਼ਿਲਾਫ਼ ਧਾਰਾ 307, 186, 353, ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ। ਸਰਵਣ ਕੋਲੋਂ 32 ਬੋਰ ਦਾ ਵੈਪਨ, 3 ਚੱਲੇ ਹੋਏ ਰੌਂਦ ਅਤੇ 2 ਰੌਂਦ ਬਿਨਾਂ ਚੱਲੇ ਮਿਲੇ ਹਨ। ਪੁਲਸ ਨੇ ਮੁਲਜ਼ਮਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਸੀ. ਪੀ. ਨੇ ਕਿਹਾ ਕਿ ਇਸ ਮਾਮਲੇ ਨੂੰ ਟਰੇਸ ਕਰਨ ਲਈ ਸੀ. ਆਈ. ਏ. ਸਟਾਫ਼-1 ਨੇ ਦਿਨ ਇਕ ਕਰਕੇ ਲੁੱਟ ਦੇ ਕੁਝ ਸਮੇਂ ਬਾਅਦ ਹੀ ਮਾਮਲਾ ਟਰੇਸ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਵਣ ਮੁਜਰਮਾਨਾ ਅਕਸ ਵਾਲਾ ਵਿਅਕਤੀ ਹੈ, ਜਿਸ ਨੇ 2021 ਵਿਚ ਬੱਸ ਸਟੈਂਡ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਲੱਕੀ ਗਿੱਲ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਸੀ। ਇਸੇ ਮਾਮਲੇ ਵਿਚ ਜ਼ਮਾਨਤ ’ਤੇ ਆ ਕੇ ਉਹ ਫਿਰ ਤੋਂ ਸਰਗਰਮ ਹੋ ਗਿਆ ਸੀ। ਉਸ ਕੋਲੋਂ ਮਿਲਿਆ 32 ਬੋਰ ਦਾ ਵੈਪਨ ਉਸ ਨੇ ਕਪੂਰਥਲਾ ਦੇ ਹਰਵਿੰਦਰ ਸਿੰਘ ਤੋਂ ਲਿਆ ਸੀ। ਹਰਵਿੰਦਰ ਸਿੰਘ ਦੀ ਹੁਣ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਮਹਾਡਿਬੇਟ ਦੀਆਂ ਤਿਆਰੀਆਂ, CM ਮਾਨ ਦੇ ਲੈਫਟ ਹੈਂਡ ਸੁਖਬੀਰ ਤੇ ਰਾਈਟ ਹੈਂਡ ਲੱਗੀ ਜਾਖੜ ਦੀ ਕੁਰਸੀ
ਸੂਤਰਾਂ ਦੀ ਮੰਨੀਏ ਤਾਂ ਇਸ ਵੈਪਨ ਨਾਲ ਉਨ੍ਹਾਂ ਇਕ ਕਤਲ ਕਰਨਾ ਸੀ ਪਰ ਸੀ. ਆਈ. ਏ. ਸਟਾਫ਼ ਨੇ ਅਜਿਹਾ ਹੋਣ ਤੋਂ ਰੋਕ ਲਿਆ। ਮੁਲਜ਼ਮ ਸਰਵਣ ਖ਼ਿਲਾਫ਼ ਲੁੱਟਖੋਹ ਅਤੇ ਨਸ਼ਾ ਵੇਚਣ ਦੇ ਵੀ ਕੇਸ ਦਰਜ ਹਨ। ਮੁਲਜ਼ਮ ਖ਼ਿਲਾਫ਼ 110 ਦਾ ਕਲੰਦਰਾ ਵੀ ਤਿਆਰ ਕੀਤਾ ਗਿਆ ਸੀ। ਜਾਂਚ ਵਿਚ ਪਤਾ ਲੱਗਾ ਕਿ ਸਰਵਣ ਸ਼ੇਰੂ ਗਰੁੱਪ ਨਾਲ ਜੁੜਿਆ ਹੈ।
ਦੱਸਣਯੋਗ ਹੈ ਕਿ 66 ਫੁੱਟੀ ਰੋਡ ’ਤੇ ਕੁਝ ਅਣਪਛਾਤੇ ਲੁਟੇਰਿਆਂ ਨੇ ਠੇਕੇ ਦੇ ਕਰਿੰਦੇ ਨੂੰ ਗੰਨ ਪੁਆਇੰਟ ’ਤੇ ਲੈ ਕੇ 1.37 ਲੱਖ ਰੁਪਏ ਲੁੱਟ ਲਏ ਸਨ। ਥਾਣਾ ਨੰਬਰ 7 ਵਿਚ ਕੇਸ ਦਰਜ ਕਰਕੇ ਮਾਮਲਾ ਹੱਲ ਕਰਨ ਲਈ ਸੀ. ਪੀ. ਕੁਲਦੀਪ ਸਿੰਘ ਚਾਹਲ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਇਸੇ ਦੌਰਾਨ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਹਰਿੰਦਰ ਸਿੰਘ ਨੂੰ ਕੁਝ ਇਨਪੁੱਟ ਮਿਲੇ, ਜਿਨ੍ਹਾਂ ਨੇ ਆਪਣੀ ਟੀਮ ਨਾਲ ਭਾਰਗੋ ਕੈਂਪ ਦੇ ਗੁਲਮੋਹਰ ਕਾਲੋਨੀ ਵਿਚ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਇਸੇ ਵਿਚਕਾਰ ਸਰਵਣ ਉਰਫ਼ ਮਨੀ ਡਾਨ ਨੇ ਸੀ. ਆਈ. ਏ. ਸਟਾਫ਼ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਿੰਦਰ ਸਿੰਘ ਨੇ ਆਪਣਾ ਅਤੇ ਆਪਣੀ ਟੀਮ ਦਾ ਬਚਾਅ ਕਰਦੇ ਹੋਏ ਜਵਾਬੀ ਕਾਰਵਾਈ ਦੌਰਾਨ ਲੁਟੇਰੇ ਸਰਵਣ ਸਿੰਘ ਦੀ ਲੱਤ ’ਤੇ ਗੋਲ਼ੀ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਥਾਣਾ ਨੰਬਰ 7 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਰਵਣ ਕੋਲੋਂ ਲੁੱਟ ਅਤੇ ਪੁਲਸ ਪਾਰਟੀ ’ਤੇ ਵਰਤੇ ਹਥਿਆਰ, ਬਾਈਕ ਅਤੇ ਇਕ ਹੋਰ ਬਾਈਕ ਵੀ ਬਰਾਮਦ ਕਰ ਲਿਆ ਸੀ। ਲੁੱਟ ਦੇ ਇਸ ਕੇਸ ਵਿਚ ਜਿੱਥੇ ਲੋਕਾਂ ਵਿਚ ਜਲੰਧਰ ਕਮਿਸ਼ਨਰੇਟ ਪੁਲਸ ਦਾ ਭਰੋਸਾ ਵਧਿਆ ਹੈ, ਉਥੇ ਹੀ ਮੁਜਰਮਾਨਾ ਅਕਸ ਦੇ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ 'ਤੇ ਦਰਜ ਹੋ ਸਕਦੈ ਇਕ ਹੋਰ ਮਾਮਲਾ, ਐੱਸ. ਆਈ. ਟੀ. ਦੇ ਹੱਥ ਲੱਗੇ ਅਹਿਮ ਸਬੂਤ
ਮੁਲਜ਼ਮਾਂ ਕੋਲੋਂ ਬਰਾਮਦ ਹੋਏ ਲੁੱਟ ਦੇ 5000
ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਅੰਮ੍ਰਿਤਪਾਲ ਕੋਲੋਂ ਠੇਕੇ ਤੋਂ ਲੁੱਟੇ ਗਏ 5 ਹਜ਼ਾਰ ਰੁਪਏ ਬਰਾਮਦ ਹੋਏ, ਹਾਲਾਂਕਿ ਠੇਕੇ ਦੇ ਕਰਿੰਦੇ ਰਾਜ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਲੁਟੇਰੇ ਠੇਕੇ ਦੇ ਗੱਲੇ ਵਿਚੋਂ 1.37 ਲੱਖ ਰੁਪਏ ਲੁੱਟ ਕੇ ਲੈ ਗਏ ਹਨ। ਪੁਲਸ ਨੂੰ ਸ਼ੱਕ ਹੈ ਕਿ ਦੋਵੇਂ ਕੁਝ ਹੀ ਸਮੇਂ ਵਿਚ ਇੰਨੇ ਪੈਸਿਆਂ ਦਾ ਨਸ਼ਾ ਨਹੀਂ ਖਰੀਦ ਸਕਦੇ। ਅਜਿਹੇ ਵਿਚ ਪੁਲਸ ਰਾਜ ਕੁਮਾਰ ਨੂੰ ਵੀ ਜਾਂਚ ਵਿਚ ਸ਼ਾਮਲ ਕਰ ਸਕਦੀ ਹੈ। ਦੂਜੇ ਪਾਸੇ ਸੀ. ਪੀ. ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਕ ਕਿ ਕੋਈ ਵੀ ਸ਼ੱਕੀ ਸਰਗਰਮੀਆਂ ਨਜ਼ਰ ਆਉਣ ’ਤੇ ਉਹ ਪੁਲਸ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਸ਼ਹਿਰ ਨੂੰ ਜੁਰਮ-ਮੁਕਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਫ਼ੈਲੀ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ