ਜਬਰ-ਜ਼ਿਨਾਹ ਮਾਮਲੇ ’ਚ ਮੁਲਜ਼ਮ ਟਿਊਸ਼ਨ ਅਧਿਆਪਕ ਬਰੀ
Wednesday, Sep 04, 2024 - 03:02 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਜਬਰ-ਜ਼ਿਨਾਹ ਦੇ ਦੋਸ਼ ’ਚ ਗ੍ਰਿਫ਼ਤਾਰ ਟਿਊਸ਼ਨ ਅਧਿਆਪਕ ਰਾਜੇਸ਼ ਵਾਸੀ ਧਨਾਸ ਨੂੰ ਮਾਮਲੇ ’ਚੋਂ ਬਰੀ ਕਰ ਦਿੱਤਾ ਹੈ। ਸੁਣਵਾਈ ਦੌਰਾਨ ਪੀੜਤਾ ਬਿਆਨਾਂ ਤੋਂ ਮੁੱਕਰ ਗਈ। ਪੀੜਤਾ ਨੇ ਕਿਹਾ ਕਿ ਸ਼ਿਕਾਇਤ ਇਸ ਲਈ ਦਿੱਤੀ ਸੀ, ਕਿਉਂਕਿ ਉਹ ਮੁਲਜ਼ਮ ਨਾਲ ਝਗੜਾ ਸੁਲਝਾਉਣਾ ਚਾਹੁੰਦੀ ਸੀ। ਮਾਮਲੇ ਵਿਚ ਸਾਹਮਣੇ ਆਏ ਤੱਥਾਂ ਅਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮੁਲਜ਼ਮ ਕੋਲ ਟਿਊਸ਼ਨ ਪੜ੍ਹਦੀ ਸੀ। ਮੁਲਜ਼ਮ ਨੇ ਪ੍ਰਪੋਜ਼ ਕੀਤਾ, ਪਰ ਇਨਕਾਰ ਕਰਦੇ ਹੋਏ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ 6 ਜੁਲਾਈ, 2017 ਨੂੰ ਮੰਗਣੀ ਹੋ ਗਈ, ਜਿਸ ਤੋਂ ਬਾਅਦ ਵੀ ਉਹ ਟਿਊਸ਼ਨ ਲਈ ਜਾਂਦੀ ਸੀ। ਇਸ ਦੌਰਾਨ ਮੁਲਜ਼ਮ ਸਰੀਰਕ ਸਬੰਧ ਬਣਾਉਣ ਲਈ ਜ਼ੋਰ ਪਾਉਣ ਲੱਗਾ। ਉਸ ਦੇ ਇਨਕਾਰ ਕਰਨ ਦੇ ਬਾਵਜੂਦ ਮੁਲਜ਼ਮ ਨੇ 11 ਫਰਵਰੀ 2018 ਨੂੰ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।
ਜਦੋਂ ਉਸਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਮੁਲਜ਼ਮ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤਾ ਦੇ ਪਰਿਵਾਰ ਦੀ ਸ਼ਿਕਾਇਤ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।