ਬਹੁ-ਚਰਚਿਤ ਡਾ. ਡੌਲੀ ਕਤਲਕਾਂਡ ਦਾ ਦੋਸ਼ੀ ਸਾਥੀ ਸਮੇਤ ਕਾਬੂ, ਵੇਖੋ ਕੀ-ਕੀ ਹੋਇਆ ਬਰਾਮਦ

06/02/2023 1:19:40 AM

ਗੁਰਦਾਸਪੁਰ (ਅਵਤਾਰ ਸਿੰਘ) : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਇਕ ਨਾਜਾਇਜ਼ ਪਿਸਤੌਲ, ਦੇਸੀ ਕੱਟਾ ਅਤੇ 6 ਕਾਰਤੂਸਾਂ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ 'ਚੋਂ ਇਕ 2013 'ਚ ਬਹੁ-ਚਰਚਿਤ ਰਹੇ ਗੁਰਦਾਸਪੁਰ ਦੇ ਰਹਿਣ ਵਾਲੇ ਡਾ. ਡੌਲੀ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਹੈ ਅਤੇ ਅਦਾਲਤ ਵੱਲੋਂ ਇਸ ਨੂੰ ਇਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 9 ਸਾਲ ਜੇਲ੍ਹ 'ਚ ਕੱਟਣ ਤੋਂ ਬਾਅਦ ਸਾਲ ਕੁ ਪਹਿਲਾਂ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ, ਜਿਸ ਨੂੰ ਨਾਜਾਇਜ਼ ਅਸਲੇ ਸਮੇਤ ਸਾਥੀ ਸਮੇਤ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਫ਼ੌਜੀਆਂ ਦੇ ਸ਼ਰਾਬ ਪੀਣ ’ਤੇ ਲੱਗੀ ਪਾਬੰਦੀ, ਪ੍ਰੈਕਟਿਸ ਦੌਰਾਨ ਨਸ਼ੇ ’ਚ ਮਾਰ ਦਿੱਤੇ ਸਨ 39 ਅਫ਼ਗਾਨੀ

ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ ਡਾ. ਰੀਪੂਤਾਪਨ ਸਿੰਘ ਨੇ ਦੱਸਿਆ ਕਿ ਏਐੱਸਆਈ ਰਾਜ ਮਸੀਹ ਨੇ ਮੁਖ਼ਬਰ ਖਾਸ ਦੀ ਇਤਲਾਹ 'ਤੇ ਜੇਲ੍ਹ ਰੋਡ ਵਿਖੇ ਨਾਕੇਬੰਦੀ ਦੌਰਾਨ ਕਾਰ 'ਚ ਆ ਰਹੇ ਹਰੀ ਓਮ ਪੁੱਤਰ ਸਵ. ਸੁਨੀਲ ਕੁਮਾਰ, ਅਮਨ ਗਿੱਲ ਉਰਫ ਗੌਰਵ ਗਿੱਲ ਪੁੱਤਰ ਸਵ. ਸੁਨੀਲ ਗਿੱਲ ਨੂੰ ਸਵਿਫਟ ਕਾਰ ਸਮੇਤ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਕੀਤੀ। ਇਸ ਦੌਰਾਨ ਹਰੀ ਓਮ ਦੀ ਡੱਬ 'ਚੋਂ 32 ਬੋਰ ਪਿਸਤੌਲ ਬਿਨਾਂ ਮਾਰਕਾ ਸਮੇਤ ਮੈਗਜ਼ੀਨ ਅਤੇ 4 ਰੌਂਦ ਜ਼ਿੰਦਾ ਬਰਾਮਦ ਹੋਏ। ਅਮਨ ਗਿੱਲ ਦੀ ਡੱਬ 'ਚੋਂ 315 ਬੋਰ ਦਾ ਦੇਸੀ ਕੱਟਾ ਬਿਨਾਂ ਮਾਰਕਾ ਅਤੇ ਪੈਂਟ ਦੀ ਜੇਬ 'ਚੋਂ 315 ਬੋਰ ਦੇ 2 ਜ਼ਿੰਦਾ ਰੌਂਦ ਬਰਾਮਦ ਹੋਏ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ 'ਚ ਨਾਜਾਇਜ਼ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਾਜਪਾ ਨੇ ਜੇਲ੍ਹ 'ਚ ਬੰਦ ਮੁਲਜ਼ਮ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ 'ਤੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ

ਦੱਸ ਦੇਈਏ ਕਿ ਹਰੀ ਓਮ ਨੇ 10 ਸਾਲ ਪਹਿਲਾਂ ਬਹੁ-ਚਰਚਿਤ ਰਹੇ ਡਾ. ਡੌਲੀ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ। ਗੀਤਾ ਭਵਨ ਰੋਡ ਦੇ ਰਹਿਣ ਵਾਲੇ ਇਸ ਡਾਕਟਰ ਦੀ ਲੜਕੀ ਨੂੰ ਝਾਂਸੇ ਵਿੱਚ ਲੈ ਕੇ ਇਸ ਨੇ ਰਾਤ ਨੂੰ ਉਸ ਦੇ ਘਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਡਾਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅਦਾਲਤ ਵੱਲੋਂ ਹਰੀ ਓਮ ਤੇ ਲੜਕੀ ਨੂੰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਰੀ ਓਮ ਇਸ ਮਾਮਲੇ ਵਿੱਚ 9 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਇਕ ਸਾਲ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ ਤੇ ਬਾਹਰ ਆਉਂਦਿਆਂ ਹੀ ਕੁਝ ਦਿਨਾਂ ਬਾਅਦ ਫਿਰ ਤੋਂ ਨਾਜਾਇਜ਼ ਅਸਲੇ ਅਤੇ ਮਾਦਕ ਪਦਾਰਥਾਂ ਨਾਲ ਇਕ ਔਰਤ ਸਮੇਤ ਫੜਿਆ ਗਿਆ ਸੀ। ਹੁਣ ਫਿਰ ਇਸ ਕੋਲੋਂ ਨਾਜਾਇਜ਼ ਪਿਸਤੌਲ ਬਰਾਮਦ ਹੋਇਆ ਹੈ। ਇਸ ਦੇ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ ਹੀ ਇਕ ਕਤਲ, 2 ਨਾਜਾਇਜ਼ ਅਸਲੇ ਸਣੇ ਕੁਲ 4 ਮਾਮਲੇ ਦਰਜ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News