ਮਕਾਨ ਕਿਰਾਏ ''ਤੇ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

Friday, Jul 21, 2023 - 01:59 PM (IST)

ਮੋਹਾਲੀ (ਸੰਦੀਪ) : ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਪਾ ਕੇ ਮਕਾਨ ਕਿਰਾਏ 'ਤੇ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀ ਨੂੰ ਬਲੌਂਗੀ ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਖਰੜ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਤੌਰ 'ਤੇ ਹੋਈ ਹੈ। ਪੁਲਸ ਜਾਂਚ ਦੌਰਾਨ ਦੋਸ਼ੀ ਕੋਲੋਂ 8 ਫੋਨ ਨੰਬਰ ਪਾਏ ਗਏ ਹਨ, ਉਸ ਦੇ ਨਾਂ 'ਤੇ ਵੱਖ-ਵੱਖ ਬੈਂਕਾਂ 'ਚ 10 ਖ਼ਾਤੇ ਸਾਹਮਣੇ ਆਏ ਹਨ।

ਇਨ੍ਹਾਂ ਬੈਂਕ ਖ਼ਾਤਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਦੋਸ਼ੀ ਦੇ ਬੈਂਕ ਖ਼ਾਤਿਆਂ ਤੋਂ ਕਰੀਬ 1 ਕਰੋੜ, 44 ਲੱਖ ਰੁਪਏ ਦੀ ਟਰਾਂਜ਼ੈਕਸ਼ਨ ਕੀਤੀ ਗਈ ਹੈ। ਸਰਕਾਰ ਵੱਲੋਂ ਜਾਰੀ ਕੀਤੇ ਪੋਰਟਲ 1930 'ਤੇ ਹੀ ਉਸ ਦੇ ਖ਼ਿਲਾਫ਼ 8111 ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਸਮੇਤ ਯੂ. ਪੀ. 'ਚ ਦੋਸ਼ੀ ਖ਼ਿਲਾਫ਼ ਧੋਖਾਧੜੀ ਨਾਲ ਸਬੰਧਿਤ ਕਈ ਕੇਸ ਦਰਜ ਹਨ। 3 ਸੂਬਿਆਂ ਦਾ ਸਾਈਬਰ ਸੈੱਲ ਉਸ ਦੇ 3 ਬੈਂਕ ਖ਼ਾਤਿਆਂ ਨੂੰ ਵੀ ਫਰੀਜ਼ ਕਰ ਚੁੱਕਾ ਹੈ। ਪੁਲਸ ਇਸ ਕੇਸ 'ਚ ਅਜੇ ਇਸ ਗੱਲ ਦਾ ਪਤਾ ਲਾਉਣ ਦੀ ਜੁੱਟੀ ਹੈ ਕਿ ਆਖ਼ਰ ਦੋਸ਼ੀ ਅਜੇ ਤੁੱਕ ਕੁੱਲ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਨਾਲ ਕਿੰਨੇ ਕਰੋੜ ਦੀ ਧੋਖਾਧੜੀ ਕਰ ਚੁੱਕਾ ਹੈ। 


Babita

Content Editor

Related News