ਮੁਲਜ਼ਮ ਨੂੰ ਫ਼ੜਨ ਗਈ ਪੁਲਸ ਪਾਰਟੀ ’ਤੇ ਡਾਂਗਾਂ-ਸੋਟਿਆਂ ਨਾਲ ਹੋਇਆ ਹਮਲਾ, ਥਾਣਾ ਮੁਖੀ ਤੇ ਮੁਲਾਜ਼ਮ ਜ਼ਖ਼ਮੀ
Tuesday, Jun 01, 2021 - 12:24 PM (IST)

ਝਬਾਲ (ਨਰਿੰਦਰ) - ਪੁਲਸ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਛੀਨਾ ਬਿਧੀ ਚੰਦ ਵਿਖੇ ਥਾਣਾ ਮੁਖੀ ਦੀ ਅਗਵਾਈ ’ਚ ਇਕ ਮੁਲਜ਼ਮ ਨੂੰ ਫਡ਼ਣ ਗਈ ਪੁਲਸ ਪਾਰਟੀ ’ਤੇ ਕੁਝ ਲੋਕਾਂ ਵਲੋਂ ਇਕੱਠੇ ਹੋ ਕੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਮੁਲਜ਼ਮ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲਈ ਇਹ ਹਮਲਾ ਕੀਤਾ ਹੈ। ਇਸ ਹਮਲੇ ’ਚ ਥਾਣਾ ਮੁਖੀ ਦੀਪਕ ਕੁਮਾਰ ਅਤੇ ਕਾਂਸਟੇਬਲ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਨੇ ਦੱਸਿਆ ਕਿ ਛੀਨਾ ਬਿਧੀ ਚੰਦ ਦੇ ਇਕ ਵਿਅਕਤੀ ਅਵਤਾਰ ਸਿੰਘ ਪੁੱਤਰ ਬਲਕਾਰ ਸਿੰਘ ਖ਼ਿਲਾਫ਼ ਥਾਣਾ ਸਰਾਏ ਅਮਾਨਤ ਖਾਂ ਵਿਖੇ 35 ਨੰਬਰ ਕੇਸ ਦਰਜ ਹੈ। ਇਸ ਸਬੰਧੀ ਪੁਲਸ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਅਵਤਾਰ ਸਿੰਘ ਅੱਜ ਘਰ ਆਇਆ ਹੋਇਆ ਹੈ, ਜਿਸ ’ਤੇ ਪੁਲਸ ਪਾਰਟੀ ਨੇ ਥਾਣਾ ਮੁਖੀ ਦੀਪਕ ਕੁਮਾਰ ਦੀ ਅਗਵਾਈ ’ਚ ਅਵਤਾਰ ਸਿੰਘ ਦੇ ਘਰ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇਸ ਸਮੇਂ ਕੁਝ ਇਕੱਤਰ ਹੋਏ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ।
ਇਸ ਹਮਲੇ ’ਚ ਉਹ ਤੇ ਉਸ ਦਾ ਗੰਨਮੈਨ ਇੰਦਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਪੁਲਸ ਨੇ ਅਵਤਾਰ ਸਿੰਘ ਪੁੱਤਰ ਬਲਕਾਰ ਸਿੰਘ ਅਤੇ 24 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਫਡ਼ਣ ਦੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।