ਮੁਲਜ਼ਮ ਦੀ ਨਿਸ਼ਾਨਦੇਹੀ ''ਤੇ ਮੁੜ 2 ਲੱਖ 50 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

Tuesday, Mar 17, 2020 - 06:29 PM (IST)

ਮੁਲਜ਼ਮ ਦੀ ਨਿਸ਼ਾਨਦੇਹੀ ''ਤੇ ਮੁੜ 2 ਲੱਖ 50 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਬਰਨਾਲਾ (ਵਿਵੇਕ ਸਿੰਧਵਾਨੀ) : ਸੀ.ਆਈ.ਏ ਸਟਾਫ ਬਰਨਾਲਾ ਨੇ ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਦੀ ਅਗਵਾਈ ਹੇਠ ਬੀਤੇ ਦਿਨੀਂ ਮਾਲੇਰਕੋਟਲਾ ਤੋਂ 1 ਲੱਖ 60 ਹਜ਼ਾਰ ਨਸ਼ੀਲੀਆ ਗੋਲੀਆਂ ਤੇ ਕਰੀਬ 36 ਲੱਖ ਰੁਪਏ ਦੀ ਡੱਰਗ ਮਨੀ ਆਰ ਕੇ ਫਾਰਮਾ ਮਾਲੇਰਕੋਟਲਾ ਦੇ ਮਾਲਕ ਰਜਿੰਦਰ ਕੁਮਾਰ ਤੋਂ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਦਾ ਪੁਲਸ ਰਿਮਾਂਡ ਲਿਆ ਸੀ ਤੇ ਪੁਲਸ ਰਿਮਾਂਡ ਦੌਰਾਨ ਬੀਤੇ ਦਿਨੀਂ ਪੁਲਸ ਨੇ ਮੁੜ ਰਾਜਿੰਦਰ ਕੁਮਾਰ ਦੀ ਨਿਸ਼ਾਨਦੇਹੀ 'ਤੇ 2 ਲੱਖ 50 ਹਜ਼ਾਰ ਨਸ਼ੀਲੀਆਂ ਗੋਲੀਆ ਤੇ 2000 ਨਸ਼ੀਲੇ ਕੈਪਸੂਲ ਬਰਾਮਦ ਕਰਵਾਏ ਹਨ। ਇਸ ਤਰ੍ਹਾਂ ਪੁਲਸ ਦੀ ਇਸ ਕੇਸ ਵਿਚ ਹੁਣ ਤਕ ਦੀ ਕੁਲ ਰਿਕਵਰੀ 44 ਲੱਖ 28 ਹਜ਼ਾਰ 770 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦੀ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਬਰਨਾਲਾ ਪੁਲਸ ਵਲੋਂ ਮਾਲੇਰਕੋਟਲਾ ਤੋਂ ਫੜਿਆ ਰਾਜਿੰਦਰ ਕੁਮਾਰ ਕਥਿਤ ਤੌਰ 'ਤੇ ਲੰਮੇ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਕਰ ਰਿਹਾ ਸੀ। ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਤੋਂ ਇਸ ਸੰਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਮੈਂ ਕੇਸ ਦੀ ਪੂਰੀ ਤਹਿ ਤਕ ਜਾਵਾਂਗਾ ਤੇ ਜੋ ਵੀ ਇਸ ਕੇਸ ਵਿਚ ਕਿਸੇ ਵੀ ਪੱਧਰ 'ਤੇ ਸ਼ਾਮਲ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀ ਜਾਵੇਗਾ। 

ਉਨ੍ਹਾਂ ਕਿਹਾ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ.ਜੀ.ਪੀ ਦਿਨਕਰ ਗੁਪਤਾ ਦੀਆਂ ਹਦਾਇਤਾਂ ਹਨ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਾ ਜਾਵੇ। ਪੁਲਸ ਨੇ ਘੱਟ ਸਮੇਂ ਵਿਚ ਹੀ 45 ਲੱਖ ਦੇ ਕਰੀਬ ਨਸ਼ੀਲੀਆ ਗੋਲੀਆ ਤੇ 40 ਲੱਖ ਦੇ ਕਰੀਬ ਡੱਰਗ ਮਨੀ ਬਰਾਮਦ ਕੀਤੀ ਹੈ। ਜ਼ਿਲਾ ਪੁਲਸ ਮੁਖੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਨਸ਼ੀਲੀਆਂ ਗੋਲੀਆਂ ਦੇ ਕੇਸ ਵਿਚ ਹੁਣ ਤਕ ਕੁਲ 8 ਵਿਅਵਤੀ ਨਾਮਜ਼ਦ ਹੋ ਚੁਕੇ ਹਨ ਜਿਨ੍ਹਾਂ 'ਚੋਂ 5 ਪੁਲਸ ਰਿਮਾਂਡ 'ਤੇ ਹਨ ਤੇ ਬਾਕੀ 3 ਨੂੰ ਜੇਲ ਭੇਜਿਆ ਜਾ ਚੁੱਕਾ ਹੈ। ਫੜੇ ਵਿਅਕਤੀਆਂ ਦਾ ਕੋਈ ਰਾਜਨੀਤਕ ਕੁਨੈਕਸ਼ਨ ਹੋਣ ਸੰਬੰਧੀ ਪੁੱਛ ਜਾਣ 'ਤੇ ਉਨ੍ਹਾਂ ਕਿਹਾ ਕਿਸੇ ਵਿਅਕਤੀ ਦੀ ਕੋਈ ਰਾਜਨੀਤਕ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਗੋਇਲ ਨੇ ਕਿਹਾ ਕਿ ਸਾਡੇ ਵਲੋਂ ਕੀਤੀ ਕਾਰਵਾਈ ਨੂੰ ਵੇਖ ਕੇ ਲੋਕਾਂ ਦਾ ਪੁਲਸ 'ਤੇ ਵਿਸ਼ਵਾਸ ਵਧਿਆ ਹੈ ਤੇ ਲੋਕ ਸਾਨੂੰ ਨਸ਼ੇ ਵਿੱਕਣ ਦੇ ਟਿਕਾਣੇ ਦੱਸ ਰਹੇ ਹਨ।


author

Gurminder Singh

Content Editor

Related News