SIT ਦੀ ਰਿਪੋਰਟ ’ਤੇ ਹਸਤਾਖਰ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇਗੀ : ਅਮਰਿੰਦਰ

Wednesday, Apr 28, 2021 - 02:03 AM (IST)

ਜਲੰਧਰ,(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਬਹਿਬਲਕਲਾਂ ਤੇ ਕੋਟਕਪੂਰਾ ਪੁਲਸ ਫਾਇਰਿੰਗ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਘਟਨਾਵਾਂ ਦੀ ਜਾਂਚ ਲਈ ਬਣੀ ਐੱਸ. ਆਈ. ਟੀ ਦੀ ਰਿਪੋਰਟ ’ਤੇ ਕੁਝ ਪੁਲਸ ਅਧਿਕਾਰੀਆਂ ਵਲੋਂ ਹਸਤਾਖਰ ਨਾ ਕਰਨ ’ਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਐੱਸ. ਆਈ. ਟੀ. ਦੀ ਰਿਪੋਰਟ ’ਤੇ ਕੁਝ ਪੁਲਸ ਅਧਿਕਾਰੀਆਂ ਵਲੋਂ ਹਸਤਾਖਰ ਨਾ ਕਰਨ ਦਾ ਮਾਮਲਾ ਗੰਭੀਰ ਹੈ ਤੇ ਸਰਕਾਰ ਇਸ ’ਚ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗੇਗੀ।

ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਐੱਸ. ਆਈ. ਟੀ. ਦੀ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਹੈ ਪਰ ਉਨ੍ਹਾਂ ਦਾ ਨਿਜੀ ਤੌਰ ’ਤੇ ਮੰਨਣਾ ਹੈ ਕਿ ਹਾਈ ਕੋਰਟ ਨੇ ਕੁਝ ਵਿਵਸਥਾਵਾਂ ’ਤੇ ਜੋ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ’ਚ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਂ ਐੱਸ. ਆਈ. ਟੀ ਵੱਲੋਂ ਹਾਈ ਕੋਰਟ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਦੇਖੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਇਸ ਮਾਮਲੇ ’ਚ ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹੇਗੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਲਈ ਜ਼ਿੰਮੇਵਾਰ ਹੈ।

ਮੁੱਖ ਮੰਤਰੀ ਨੇ ਪੰਜਾਬ ’ਚ ਕੋਵਿਡ ਕੇਸਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਇਸ ਸਮੇਂ ਨਾ ਸਿਰਫ ਸੂਬੇ ਦੇ ਕੇਸ ਪਹੁੰਚ ਰਹੇ ਹਨ ਬਲਕਿ ਦਿੱਲੀ, ਹਰਿਆਣਾ. ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ ਦੇ ਵੀ ਕੋਵਿਡ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਖੁੱਲ੍ਹੇ ਦਿਲ ਵਾਲੇ ਹਨ ਅਤੇ ਉਹ ਹੋਰ ਸੂਬਿਆਂ ਦੇ ਮਰੀਜ਼ਾਂ ਨੂੰ ਪੂਰਾ ਸਹਿਯੋਗ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੌਜ ਦੀ ਮਦਦ ਮੰਗੀ ਹੈ ਅਤੇ ਪੰਜਾਬ ਦੇ ਉਦਯੋਗ ਸਕੱਤਰ ਜਲਦੀ ਹੀ ਇਸ ਸਬੰਧ ’ਚ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬੰਦ ਪਏ ਆਕਸੀਜ਼ਨ ਪਲਾਂਟਾਂ ਨੂੰ ਚਾਲੂ ਕਰਵਾਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਕਿੰਨੀਆਂ ਲਹਿਰਾਂ ਦੇਸ਼ ’ਚ ਆਉਣਗੀਆਂ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਇਸ ਲਈ ਸਾਨੂੰ ਆਪਣੀ ਸਿਹਤ ਦੇ ਮੁੱਢਲੇ ਜਾਂਚੇ ਨੂੰ ਮਜ਼ਬੂਤ ਕਰਨਾ ਹੋਵੇਗਾ, ਭਾਵੇਂ ਕਿੰਨੀ ਵੀ ਕੋਵਿਡ ਦੀਆਂ ਲਹਿਰਾਂ ਕਿਉਂ ਨਾ ਆਉਣ।


Bharat Thapa

Content Editor

Related News