ਮਾਹਿਰਾਂ ਦੀ ਸਲਾਹ ਅਨੁਸਾਰ ਕਿਸਾਨ ਕਰਨ ਜ਼ਹਿਰਾ ਦਾ ਇਸਤੇਮਾਲ: ਡਾ. ਸੁਰਿੰਦਰ ਸਿੰਘ

Tuesday, Mar 31, 2020 - 04:19 PM (IST)

ਮਾਹਿਰਾਂ ਦੀ ਸਲਾਹ ਅਨੁਸਾਰ ਕਿਸਾਨ ਕਰਨ ਜ਼ਹਿਰਾ ਦਾ ਇਸਤੇਮਾਲ: ਡਾ. ਸੁਰਿੰਦਰ ਸਿੰਘ

ਜਲੰਧਰ (ਨਰੇਸ਼ ਗੁਲਾਟੀ)-ਜ਼ਿਲਾ ਪੈਸਟ ਸਰਵੈਲੇਂਸ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਡਾ. ਮਨਿੰਦਰ ਸਿੰਘ ਜ਼ਿਲਾ ਪ੍ਰਸਾਰ ਮਾਹਿਰ ਖੇਤੀਬਾੜੀ ਯੂਨਿਵਰਸਿਟੀ ਜਲੰਧਰ ਅਤੇ ਡਾ. ਸੰਜੀਵ ਕਟਾਰੀਆ ਜ਼ਿਲਾ ਪ੍ਰਸਾਰ ਮਾਹਿਰ ਖੇਤੀਬਾੜੀ ਯੂਨਿਵਰਸਿਟੀ ਜਲੰਧਰ ਡਾ.ਭਜਨ ਸਿੰਘ ਸੈਣੀ ਸਹਾਇਕ ਡਾਇਰੈਕਟਰ ਬਾਗਬਾਨੀ ਤੋਂ ਇਲਾਵਾ ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ, ਡਾ.ਸੁਰਜੀਤ ਸਿੰਘ, ਡਾ. ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ ਸ਼ਾਮਲ ਹੋਏ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦੱਸਿਆ ਕਿ ਜਿਲ੍ਹਾਂ ਜਲੰਧਰ 'ਚ ਤਕਰੀਬਨ 1.69 ਲੱਖ ਹੈਕ. ਰਕਬੇ 'ਚ ਬੀਜੀ ਗਈ ਕਣਕ ਦੀ ਫਸਲ ਤੋਂ ਤਕਰੀਬਨ 8.50 ਲੱਖ ਟਨ ਪੈਦਾਵਾਰ ਹੋਣ ਦੀ ਆਸ ਹੈ ਅਤੇ ਫਸਲ ਦੀ ਮੌਜੂਦਾ ਸਥਿਤੀ ਚੰਗੀ ਹੈ ਭਾਵੇਂ ਕਿ ਪਿਛਲੇ ਕੁੱਝ ਸਮੇਂ ਦੌਰਾਨ ਜ਼ਿਲੇ 'ਚ ਕੁੱਝ ਥਾਵਾਂ 'ਤੇ ਭਾਰੀ ਮੀਂਹ ਅਤੇ ਤੇਜ ਹਵਾਵਾਂ ਕਰਕੇ ਫਸਲ ਵਿੱਛੀ ਹੈ ਪਰ ਪ੍ਰਤੀ ਏਕੜ ਝਾੜ 'ਚ ਪਿਛਲੇ ਸਾਲ ਨਾਲੋਂ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਹੈ। ਮੀਟਿੰਗ 'ਚ ਡਾ. ਮਨਿੰਦਰ ਸਿੰਘ ਅਤੇ ਡਾ. ਸੰਜੀਵ ਕਟਾਰੀਆ ਜ਼ਿਲਾ ਪ੍ਰਸਾਰ ਮਾਹਿਰ ਖੇਤੀਬਾੜੀ ਯੂਨਿਵਰਸਿਟੀ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਦਾ ਲਗਾਤਾਰ ਨਿਰੀਖਣ/ਸਰਵੇਖਣ ਕਰਦੇ ਰਹਿਣ ਅਤੇ ਲੋੜ ਪੈਣ 'ਤੇ ਮਾਹਿਰਾਂ ਦੀ ਸਲਾਹ ਨਾਲ ਹੀ ਕਿਸੇ ਦਵਾਈ ਦਾ ਇਸਤੇਮਾਲ ਕਰਨ।

ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੇਟ ਬੀਜੀ ਕਣਕ ਦੀ ਫਸਲ ਜਿਸ ਨੂੰ ਅਜੇ 20-25 ਦਿਨ ਪੱਕਣ ਲਈ ਲੱਗਦੇ ਨਜ਼ਰ ਆਉਂਦੇ ਹੋਣ, ਉਸ ਖੇਤ 'ਤੇ ਲੋੜ ਅਨੁਸਾਰ ਦਵਾਈ ਆਦਿ ਦਾ ਇਸਤੇਮਾਲ ਕੀਤਾ ਜਾਵੇ।ਇਸ ਦੇ ਨਾਲ ਹੀ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਲੇਟ ਬੀਜੀ ਕਣਕ ਦੀ ਫਸਲ 'ਤੇ ਤੇਲੇ ਦਾ ਹਮਲਾ ਜੇਕਰ ਪ੍ਰਤੀ ਸਿੱਟਾ 5 ਕੀੜਿਆ ਤੋਂ ਵੱਧ ਹੋਵੇ ਤਦ ਹੀ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਜ਼ਹਿਰਾਂ ਦੀ ਸਪਰੇ ਕਰਨੀ ਚਾਹੀਦੀ ਹੈ।ਇਸ ਦੇ ਨਾਲ-ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੇਲੇ ਦਾ ਹਮਲਾ ਖੇਤ ਦੇ ਦੁਆਲੇ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। ਇਸ ਲਈ ਹਮਲੇ ਵਾਲੀਆਂ ਥਾਵਾ 'ਤੇ ਹੀ ਸਪਰੇ ਕਰਦੇ ਹੋਏ ਦਵਾਈ ਦਾ ਖਰਚਾ ਬਚਾਇਆ ਜਾ ਸਕਦਾ ਹੈ। ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਜ਼ਹਿਰਾ ਦਾ ਇਸਤੇਮਾਲ ਬੜਾ ਸੋਚ ਸਮਝ ਕੇ ਕੀਤਾ ਜਾਵੇ ਅਤੇ ਸਿਰਫ ਲੇਟ ਪੱਕਣ ਵਾਲੀ ਕਣਕ ਦੀ ਫਸਲ ਵੱਲ ਉਚੇਚਾ ਧਿਆਨ ਦਿੰਦੇ ਹੋਏ ਢੁੱਕਵੇਂ ਉਪਰਾਲੇ ਕੀਤੇ ਜਾਣ।ਇਸ ਤੋਂ ਇਲਾਵਾ ਪੀਲੀ ਕੁੰਗੀ ਦੇ ਹਮਲੇ ਪ੍ਰਤੀ ਵੀ ਲੇਟ ਪੱਕਣ ਵਾਲੀ ਕਣਕ ਦੀ ਫਸਲ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। 

ਮੀਟਿੰਗ 'ਚ ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ ਅਤੇ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਲਾਕ ਅਦਮਪੁਰ ਅਤੇ ਪੱਛਮੀ 'ਚ ਲੇਟ ਬੀਜੀ ਗਈ ਕਣਕ ਦੀ ਫਸਲ 'ਤੇ ਤੇਲੇ ਅਤੇ ਪੀਲੀ ਕੁੰਗੀ ਦਾ ਹਮਲ ਧੋੜੀਆ 'ਚ ਨਜ਼ਰ ਆ ਰਿਹਾ ਹੈ ਅਤੇ ਕਿਸਾਨਾਂ ਨੂੰ ਲੋੜ ਅਨੁਸਾਰ ਸਪਰੇ ਕਰਨ ਲਈ ਕਿਹਾ ਜਾ ਰਿਹਾ ਹੈ। ਡਾ. ਭਜਨ ਸਿੰਘ ਸੈਣੀ ਸਹਾਇਕ ਡਾਇਰੈਕਟਰ ਬਾਗਬਾਨੀ ਨੇ ਜ਼ਿਲੇ ਦੇ ਬਾਗਬਾਨ ਵੀਰਾਂ ਨੂੰ ਅੰਬਾਂ ਦੇ ਬੂਟਿਆਂ 'ਤੇ ਚਿੱਟੋ ਅਤੇ ਨਿੰਬੂ ਜਾਤੀ ਦੇ ਬੂਟਿਆਂ 'ਤੇ ਤੇਲੇ ਅਤੇ ਸਿੱਟਰਸ ਸਿੱਲੇ ਬਾਰੇ ਸੁਚੇਤ ਹੋਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ ਹੈ ।

ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆ ਅੱਗੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਧਿਆਨ 'ਚ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਵੱਲੋ ਕੀਤੇ ਜਾ ਰਹੇ ਉਪਰਾਲਿਆ ਅਧੀਨ ਖਾਦ, ਬੀਜ ਜਾਂ ਦਵਾਈ ਲੋੜ ਅਨੁਸਾਰ ਆਪਣੇ ਇਲਾਕੇ ਦੇ ਰਜਿਸਟਰਡ ਵਿਕਰੇਤਾ ਪਾਸੋਂ ਘਰ ਬੈਠੇ ਪ੍ਰਾਪਤ ਕੀਤੀ ਜਾ ਸਕਦੀ ਹੈ।ਉਹਨਾਂ ਕਿਸਾਨ ਵੀਰਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਉਹ ਪੂਰੇ ਇਹਤਿਆਤ ਰੱਖਦੇ ਹੋਏ ਖੇਤੀ ਦੇ ਨਾ ਰੋਕ ਸਕਣ ਵਾਲੇ ਕੰਮ ਘੱਟ ਤੋਂ ਘੱਟ ਖਰਚਾ ਅਤੇ ਜ਼ਹਿਰਾ ਦਾ ਇਸਤੇਮਾਲ ਕਰਦੇ ਹੋਏ ਨੇਪਰੇ ਚਾੜਨ।
-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
-ਜਲੰਧਰ


author

Iqbalkaur

Content Editor

Related News