ਬੇਲਾ ਚੌਕ ਤੋਂ ਬਾਈਪਾਸ ਤੱਕ ਪਏ ਖੱਡਿਆਂ ਕਾਰਨ ਵਾਪਰ ਰਹੇ ਨੇ ਹਾਦਸੇ
Monday, Apr 30, 2018 - 12:43 AM (IST)

ਰੂਪਨਗਰ, (ਵਿਜੇ)- ਬੇਲਾ ਚੌਕ ਤੋਂ ਰੂਪਨਗਰ ਬਾਈਪਾਸ ਤੱਕ ਜਾਣ ਵਾਲੀ ਸੜਕ 'ਤੇ ਪਏ ਡੂੰਘੇ ਖੱਡੇ ਅਤੇ ਕਈ ਥਾਵਾਂ ਤੋਂ ਟੁੱਟੀ ਸੜਕ ਕਾਰਨ ਵਾਹਨ ਚਾਲਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਸਬੰਧਤ ਵਿਭਾਗ ਅੱਖਾਂ ਬੰਦ ਕਰੀ ਬੈਠਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਕਸ਼ਾ ਡਰਾਈਵਰ ਯੂਨੀਅਨ ਦੇ ਸਾਬਕਾ ਪ੍ਰਧਾਨ ਰਘੁਵੀਰ ਸਿੰਘ ਨੇ ਦੱਸਿਆ ਕਿ ਉਕਤ ਮਾਰਗ ਐੱਚ. ਐੱਮ. ਟੀ. ਹੋਟਲ ਦੇ ਨਜ਼ਦੀਕ ਤੋਂ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ, ਜਿਸ ਕਾਰਨ ਦੋਪਹੀਆ ਵਾਹਨ ਚਾਲਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਮਹੀਨੇ ਵੀ ਇਕ ਸਕੂਟਰ ਸਵਾਰ ਖੱਡਿਆਂ ਤੋਂ ਬਚਣ ਦੇ ਚੱਕਰ ਵਿਚ ਇਕ ਕਾਰ ਨਾਲ ਟਕਰਾਅ ਗਿਆ ਸੀ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ ਪਰੰਤੂ ਸਬੰਧਤ ਵਿਭਾਗ ਉਕਤ ਮਾਰਗ ਦਾ ਨਿਰਮਾਣ ਕਰਨ ਲਈ ਗੰਭੀਰ ਨਹੀਂ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਡੂੰਘਾ ਰੋਸ ਹੈ। ਇਸ ਮੌਕੇ ਲੋਕਾਂ ਨੇ ਉਕਤ ਮਾਰਗ 'ਤੇ ਪਏ ਖੱਡਿਆਂ ਨੂੰ ਪ੍ਰੀਮਿਕਸ ਨਾਲ ਭਰਨ ਅਤੇ ਮਾਰਗ ਦੇ ਮੁੜ ਨਿਰਮਾਣ ਦੀ ਮੰਗ ਕੀਤੀ ਹੈ।