ਗਲਤੀ ਨਾਲ ਜ਼ਹਿਰੀਲੀ ਦਵਾਈ ਖਾਧੀ, 2 ਨੌਜਵਾਨਾਂ ਦੀ ਮੌਤ

Friday, Aug 11, 2017 - 03:02 AM (IST)

ਗਲਤੀ ਨਾਲ ਜ਼ਹਿਰੀਲੀ ਦਵਾਈ ਖਾਧੀ, 2 ਨੌਜਵਾਨਾਂ ਦੀ ਮੌਤ

ਹੁਸ਼ਿਆਰਪੁਰ, (ਜ.ਬ.)- ਥਾਣਾ ਹਰਿਆਣਾ ਅਧੀਨ ਆਉਂਦੇ ਕਸਬਾ ਸ਼ੇਰਪੁਰ ਖਾਮ 'ਚ ਇਕ ਨੌਜਵਾਨ ਵੱਲੋਂ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲੈਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਹਰਪ੍ਰੀਤ ਸਿੰਘ (22) ਜੋ ਕਿ 10+2 ਦਾ ਵਿਦਿਆਰਥੀ ਸੀ ਤੇ ਪੜ੍ਹਾਈ ਤੋਂ ਬਾਅਦ ਖੇਤੀਬਾੜੀ ਦਾ ਕੰਮ ਸੰਭਾਲਦਾ ਸੀ, ਪਿਛਲੇ ਕੁੱਝ ਦਿਨਾਂ ਤੋਂ ਉਹ ਬੀਮਾਰ ਚੱਲ ਰਿਹਾ ਸੀ। ਅੱਜ ਦੁਪਹਿਰ ਕਰੀਬ 2 ਵਜੇ ਉਸ ਨੇ ਘਰ ਵਿਚ ਰੱਖੀ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਉਸ ਨੂੰ ਸਰਕਾਰੀ ਹਸਪਤਾਲ ਹਰਿਆਣਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਹਰਿਆਣਾ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਲੋੜੀਂਦੀ ਕਾਰਵਾਈ ਕਰ ਕੇ ਪੰਚਨਾਮਾ ਤਿਆਰ ਕਰ ਦਿੱਤਾ ਹੈ। 
ਘਰ ਦਾ ਇਕਲੌਤਾ ਚਿਰਾਗ ਸੀ ਹਰਪ੍ਰੀਤ- ਨਮ ਅੱਖਾਂ ਨਾਲ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਉਨ੍ਹਾਂ ਦਾ ਇਕਲੌਤਾ ਲੜਕਾ ਸੀ ਅਤੇ ਉਸ 'ਤੇ ਉਨ੍ਹਾਂ ਨੇ ਬਹੁਤ ਉਮੀਦਾਂ ਲਾਈਆਂ ਹੋਈਆਂ ਸਨ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਸਾਰੇ ਪਿੰਡ ਵਿਚ ਸ਼ੋਕ ਦੀ ਲਹਿਰ ਦੌੜ ਗਈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਗਲਤੀ ਨਾਲ ਘਰ 'ਚ ਰੱਖੀ ਕੋਈ ਜ਼ਹਿਰੀਲੀ ਦਵਾਈ ਨਿਗਲ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਗੜ੍ਹਦੀਵਾਲਾ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸ਼ਿਵ ਕੁਮਾਰ (16) ਪੁੱਤਰ ਪੱਪੂ ਰਾਮ ਵਾਸੀ ਚਠਿਆਲ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੇ ਦਿਨ ਬੀਮਾਰ ਹੋਣ ਕਾਰਨ ਉਸ ਨੇ ਗਲਤੀ ਨਾਲ ਘਰ ਵਿਚ ਪਈ ਜ਼ਹਿਰੀਲੀ ਦਵਾਈ ਖਾ ਲਈ। ਹਾਲਤ ਵਿਗੜ ਜਾਣ 'ਤੇ ਉਸ ਨੂੰ ਸਰਕਾਰੀ ਹਸਪਤਾਲ ਦਸੂਹਾ ਲਿਜਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਦੇਖਦਿਆਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਇਥੇ ਬੀਤੀ ਰਾਤ ਕਰੀਬ 3 ਵਜੇ ਉਸਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਦੀ ਲੋੜੀਂਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ।


Related News