ਜਲੰਧਰ ਬਾਈਪਾਸ ''ਤੇ ਭਿਆਨਕ ਹਾਦਸਾ! ਧੀ ਨੂੰ ਮਿਲਣ ਗਈ ਮਾਂ ਨਾਲ ਵਾਪਰ ਗਈ ਅਣਹੋਣੀ
Tuesday, Nov 10, 2026 - 04:00 PM (IST)
ਲੁਧਿਆਣਾ (ਅਸ਼ੋਕ): ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਨੇੜੇ ਦਰਦਨਾਕ ਹਾਦਸੇ ਵਿਚ ਇਕ ਬਜ਼ੁਰਗ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਬਜ਼ੁਰਗ ਮਹਿਲਾ ਨੂੰ ਜਲੰਧਰ ਵੱਲੋਂ ਆ ਰਹੇ ਟਰੱਕ ਨੇ ਫੇਟ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 75 ਸਾਲਾ ਬਿਮਲਾ ਦੇਵੀ ਵਾਸੀ ਜਲੰਧਰ ਵਜੋਂ ਹੋਈ ਹੈ। ਬਿਮਲਾ ਦੇਵੀ ਆਪਣੀ ਧੀ ਨੂੰ ਮਿਲਣ ਲਈ ਲੁਧਿਆਣਾ ਵਿਚ ਸਲੇਮ ਟਾਬਰੀ ਅਸ਼ੋਕ ਨਗਰ ਆਈ ਸੀ।
ਥਾਣਾ ਸਲੇਮ ਟਾਬਰੀ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜਿਆ। ਏ. ਐੱਸ. ਆਈ. ਪ੍ਰੇਮ ਚੰਦ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਅਣਪਛਾਤੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਈ ਹੈ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
