ਦੀਵਾਲੀ ਵਾਲੀ ਰਾਤ ਪਰਿਵਾਰ ਨਾਲ ਵਾਪਰਿਆ ਹਾਦਸਾ, ਕਮਾਊ ਪੁੱਤ ਦੀ ਮੌਤ

10/28/2019 8:12:00 PM

ਨੰਗਲ, (ਗੁਰਭਾਗ)- ਬੀਤੀ ਰਾਤ ਨੰਗਲ, ਸ੍ਰੀ ਅਨੰਦਪੁਰ ਸਾਹਿਬ ਰੋਡ (ਐੱਨ. ਐੱਚ.) 'ਤੇ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਦੜੋਲੀ ਲਾਗੇ ਮੋਟਰਸਾਈਕਲ ਅਤੇ ਕਾਰ ਦੀ ਆਪਸੀ ਟੱਕਰ 'ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਅਤੇ ਹਾਦਸੇ ਮਗਰੋਂ ਗੱਡੀ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਮੁਤਾਬਿਕ ਪਿੰਡ ਲਮਲੈਹੜੀ ਦਾ ਨੌਜਵਾਨ ਸੰਦੀਪ ਕੁਮਾਰ ਪੁੱਤਰ ਸਵ. ਅਰਜੁਨ ਰਾਮ (27) ਦੀਵਾਲੀ ਦੀ ਰਾਤ ਨੰਗਲ ਤੋਂ ਨਵਾਂ ਮੋਟਰਸਾਈਕਲ ਕਢਵਾ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆ ਰਹੀ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸੰਦੀਪ ਕੁਮਾਰ ਦੀ ਮੌਤ ਹੋ ਗਈ ਅਤੇ ਕੁਝ ਦੇਰ ਬਾਅਦ ਕਾਰ ਨੂੰ ਵੀ ਅੱਗ ਲੱਗ ਗਈ। ਕਾਰ ਦਾ ਨੰਬਰ ਹਿਮਾਚਲ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਸੰਦੀਪ ਨੱਡਾ 2 ਭਰਾਵਾਂ ਅਤੇ 2 ਭੈਣਾਂ ਦਾ ਭਰਾ ਸੀ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ 'ਤੇ ਹੀ ਸੀ ਕਿਉਂਕਿ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। PunjabKesariਫਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ। ਮੌਕੇ 'ਤੇ ਮੌਜੂਦ ਕੁਝ ਵਿਅਕਤੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਰਾਤ ਨੂੰ ਹਾਦਸਾ ਹੋਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਪੁਲਸ ਦੁਆਰਾ ਹਾਦਸਾਗ੍ਰਸਤ ਮੋਟਰਸਾਈਕਲ ਅਤੇ ਕਾਰ ਮੁੱਖ ਸੜਕ ਤੋਂ ਪਾਸੇ ਕਰਵਾ ਦਿੱਤੇ ਗਏ ਸਨ, ਪਰ ਕਰੀਬ 1 ਘੰਟੇ ਬਾਅਦ ਕੁਝ ਵਿਅਕਤੀਆਂ ਵੱਲੋਂ ਕਾਰ ਨੂੰ ਅੱਗ ਲਾਈ ਗਈ।

ਕੀ ਕਹਿਣੈ ਥਾਣਾ ਮੁਖੀ ਦਾ
ਨੰਗਲ ਥਾਣਾ ਮੁਖੀ ਪਵਨ ਚੌਧਰੀ ਨੇ ਕਿਹਾ ਕਿ ਹਾਦਸੇ ਵਿਚ ਸੰਦੀਪ ਕੁਮਾਰ ਦੀ ਮੌਤ ਹੋ ਗਈ ਹੈ। ਕਾਰ ਚਾਲਕ ਜੋ ਕਿ ਹਿਮਾਚਲ ਕਾਂਗੜਾ ਦੇ ਲਾਗੇ ਦਾ ਰਹਿਣ ਵਾਲਾ ਹੈ, ਪੁਲਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਰ ਨੂੰ ਅੱਗ ਲੱਗੀ ਜਾਂ ਲਾਈ ਗਈ ਪੁੱਛੇ ਜਾਣ 'ਤੇ ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਜਾਂਚ ਚੱਲ ਰਹੀ ਹੈ ਪਰ ਕਾਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕੀ ਹੈ।


Bharat Thapa

Content Editor

Related News