ਕੈਂਟਰ ਦੀ ਲਪੇਟ ’ਚ ਆਏ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

05/25/2024 11:18:43 AM

ਮੋਹਾਲੀ (ਸੰਦੀਪ) : ਇੱਥੇ ਸੈਕਟਰ-69 ਵਿਖੇ ਤੇਜ਼ ਰਫ਼ਤਾਰ ਕੈਂਟਰ ਦੀ ਲਪੇਟ ’ਚ ਆਉਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਾਸੀ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਸੁਖਮਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਕੈਂਟਰ ਚਾਲਕ ਯੂ.ਪੀ. ਪ੍ਰਤਾਪਗੜ੍ਹ ਦੇ ਰਹਿਣ ਵਾਲੇ ਪ੍ਰਮੋਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਹਰਜੀਤ ਸਿੰਘ ਖੰਨਾ ਸਥਿਤ ਅਦਾਲਤ ਵਿਚ ਟਾਈਪਿਸਟ ਤੌਰ ’ਤੇ ਨੌਕਰੀ ਕਰਦਾ ਸੀ। 21 ਮਈ ਨੂੰ ਉਸ ਦਾ ਭਰਾ ਕਿਸੇ ਨਿੱਜੀ ਕੰਮ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਇਆ ਹੋਇਆ ਸੀ। ਉਥੋਂ ਕੰਮ ਨਿਪਟਾ ਕੇ ਦੋਵੇਂ ਸਵੇਰੇ ਆਪਣੇ-ਆਪਣੇ ਮੋਟਰਸਾਈਕਲ ’ਤੇ ਵਾਪਸ ਮੋਹਾਲੀ ਲਈ ਰਵਾਨਾ ਹੋ ਗਏ। ਜਿਵੇਂ ਹੀ ਹਰਜੀਤ ਸਿੰਘ ਸੈਕਟਰ-69 ਕੋਲ ਪਹੁੰਚਿਆ ਤਾਂ ਇਕ ਕੈਂਟਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਜ਼ਖ਼ਮੀ ਹਾਲਤ ’ਚ ਕੈਂਟਰ ਚਾਲਕ ਪ੍ਰਮੋਦ ਨੇ ਹਰਜੀਤ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਸੋਹਾਣਾ ਦੇ ਇਕ ਨਿੱਜੀ ਹਸਪਤਾਲ ’ਚ ਪਹੁੰਚਾਇਆ, ਹਰਜੀਤ ਦੀ ਹਾਲਤ ਨਾਜ਼ੁਕ ਦੇਖ ਉਹ ਉੱਥੋ ਤੋਂ ਚਲਾ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਇਲਾਜ ਦੌਰਾਨ ਹੀ ਹਰਜੀਤ ਦੀ ਮੌਤ ਹੋ ਗਈ। ਇਸ ਸਬੰਧੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਸੁਖਮਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਮੋਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Babita

Content Editor

Related News