ਪੰਜਾਬ ਵਿਚ ਨਸ਼ੇ ਕਾਰਨ 3 ਨੌਜਵਾਨਾਂ ਦੀ ਮੌਤ ਸਰਕਾਰ ਦੀਆਂ ਨਾਕਾਮ ਨੀਤੀਆਂ ਦਾ ਸਬੂਤ: ਕੇਵਲ ਸਿੰਘ ਢਿੱਲੋਂ

Tuesday, Sep 22, 2026 - 07:39 PM (IST)

ਪੰਜਾਬ ਵਿਚ ਨਸ਼ੇ ਕਾਰਨ 3 ਨੌਜਵਾਨਾਂ ਦੀ ਮੌਤ ਸਰਕਾਰ ਦੀਆਂ ਨਾਕਾਮ ਨੀਤੀਆਂ ਦਾ ਸਬੂਤ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ: ਪੰਜਾਬ ਵਿਚ ਇੱਕੋ ਦਿਨ ਨਸ਼ੇ ਨਾਲ ਤਿੰਨ ਨੌਜਵਾਨਾਂ ਦੀ ਹੋਈ ਮੌਤ ਨੇ ਪੰਜਾਬ ਸਰਕਾਰ ਦੇ ਨਸ਼ਾ-ਵਿਰੋਧੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਤੇਜਾ ਕਲਾਂ (22 ਸਾਲਾ ਨੌਜਵਾਨ), ਸਮਾਣਾ ਦੇ ਬਾਦਸ਼ਾਹਪੁਰ (25 ਸਾਲਾ ਨੌਜਵਾਨ) ਅਤੇ ਬਠਿੰਡਾ ਦੇ ਪੂਹਲਾ ਵਿਖੇ ਵਾਪਰੀਆਂ ਇਨ੍ਹਾਂ ਦੁਖਦਾਈ ਘਟਨਾਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦੀ ਨਸ਼ਾ-ਵਿਰੋਧੀ ਨੀਤੀ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੂਹਲਾ ਪਿੰਡ ਦੇ ਇੱਕੋ ਪਰਿਵਾਰ ਵਿਚ ਇਸੇ ਮਹੀਨੇ ਨਸ਼ੇ ਕਾਰਨ ਇਹ ਦੂਜੀ ਮੌਤ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਰੋਜ਼ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਸਰਕਾਰ ਨਸ਼ਿਆਂ ਨੂੰ ਰੋਕਣ ਦੇ ਮਾਮਲੇ ਵਿੱਚ ਉਮੀਦ ਮੁਤਾਬਕ ਨਤੀਜੇ ਦੇਣ ਵਿੱਚ ਨਾਕਾਮ ਰਹੀ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਨਸ਼ਾ ਤਿੰਨ ਮਹੀਨਿਆਂ ਵਿਚ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ ਵੀ ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹਰ ਰੋਜ਼ ਕਿਸੇ ਮਾਂ ਦਾ ਪੁੱਤ ਅਤੇ ਕਿਸੇ ਭੈਣ ਦਾ ਭਰਾ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਿੰਤਤ ਹਨ। ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦਾ ਦਰਦ ਸਰਕਾਰ ਨੂੰ ਗੰਭੀਰਤਾ ਨਾਲ ਸਮਝਣ ਅਤੇ ਨਸ਼ੇ ਦੀ ਸਪਲਾਈ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਕਾਨੂੰਨ-ਵਿਵਸਥਾ ਦਾ ਮੁੱਦਾ ਨਹੀਂ, ਸਗੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਪਰਿਵਾਰਾਂ ਦੇ ਭਵਿੱਖ ਨਾਲ ਜੁੜਿਆ ਗੰਭੀਰ ਮਸਲਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਦੇ ਮੰਤਵ ਨਾਲ ਹੀ "ਨਸ਼ਾ ਮੁਕਤ ਪੰਜਾਬ ਯਾਤਰਾ" ਕੱਢ ਰਹੀ ਹੈ, ਜਿਸਨੂੰ ਪੂਰੇ ਪੰਜਾਬ ਦੇ ਪਿੰਡ-ਪਿੰਡ ਲਿਜਾਇਆ ਜਾ ਰਿਹਾ ਹੈ। ਭਾਜਪਾ ਸਰਕਾਰ ਬਣਨ ਉਪਰੰਤ ਪੰਜਾਬ ਵਿੱਚੋਂ ਇਸ ਕੋਹੜ ਨੂੰ ਜੜ ਤੋਂ ਪੁੱਟਿਆ ਜਾਵੇਗਾ।


author

Anmol Tagra

Content Editor

Related News