ਇਨੋਵਾ ਕਾਰ ਦੁੱਧ ਨਾਲ ਭਰੇ ਟੈਂਪੂ ਨਾਲ ਟਕਰਾਈ
Tuesday, Oct 15, 2024 - 05:29 PM (IST)
ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਰੇਲਵੇ ਓਵਰ ਬ੍ਰਿਜ ’ਤੇ ਅੱਜ ਸਵੇਰੇ ਇਕ ਕਾਰ ਨੇ ਓਵਰਟੇਕ ਕਰਦੇ ਸਮੇਂ ਦੁੱਧ ਨਾਲ ਭਰੇ ਇਕ ਟੈਂਪੂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟੈਂਪੂ ਚਾਲਕ ਦਾ ਦੁੱਧ ਸੜਕ ’ਤੇ ਰੁੜ੍ਹ ਗਿਆ। ਜਾਣਕਾਰੀ ਅਨੁਸਾਰ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਸੁਮਿਤ ਕੁਮਾਰ ਆਪਣੇ ਟੈਂਪੂ ’ਚ ਦੁੱਧ ਦੀ ਸਪਲਾਈ ਕਰਨ ਲਈ ਸ਼ਹਿਰ ’ਚ ਆ ਰਿਹਾ ਸੀ।
ਜਦੋਂ ਉਹ ਹਨੂੰਮਾਨਗੜ੍ਹ ਰੋਡ ਰੇਲਵੇ ਓਵਰਬ੍ਰਿਜ ਪੁਲ ਕੋਲ ਪੁੱਜਿਆ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਕਈ ਵਾਹਨਾਂ ਨੂੰ ਓਵਰਟੇਕ ਕਰਦੇ ਹੋਏ ਬੇਕਾਬੂ ਹੋ ਕੇ ਸੁਮਿਤ ਦੇ ਟੈਂਪੂ ’ਚ ਟੱਕਰ ਮਾਰਦੇ ਹੋਏ ਪੁਲ ਦੀ ਕੰਧ ਨਾਲ ਟਕਰਾ ਗਈ। ਇਸ ਟੱਕਰ ’ਚ ਦੁੱਧ ਦਾ ਟੈਂਪੂ ਪਲਟਣ ਕਾਰਨ ਕਰੀਬ 200 ਲੀਟਰ ਦੁੱਧ ਰੁੜ੍ਹ ਗਿਆ, ਜਦ ਕਿ ਸੁਮਿਤ ਵਾਲ ਵਾਲ ਬਚ ਗਿਆ। ਇਸ ਟੱਕਰ ’ਚ ਦੋਵੇਂ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ।