ਸਡ਼ਕ ਹਾਦਸੇ ’ਚ ਵਿਅਕਤੀ ਦੀ ਮੌਤ

08/31/2018 2:05:54 AM

ਅਬੋਹਰ, (ਸੁਨੀਲ)- ਅਬੋਹਰ-ਸ਼੍ਰੀ ਗੰਗਾਨਗਰ ਕੌਮੀ ਮਾਰਗ ਨੰਬਰ 15 ’ਤੇ ਸਥਿਤ ਉਪ ਮੰਡਲ ਦੀ ਉਪ ਤਹਿਸੀਲ ਪਿੰਡ ਖੂਈਆਂ ਸਰਵਰ ਦੇ ਨੇਡ਼ੇ ਬੀਤੀ ਰਾਤ ਹੋਏ ਇਕ ਸਡ਼ਕ ਹਾਦਸੇ ’ਚ ਰਾਜਸਥਾਨ ਦੇ ਸੂਰਤਗਡ਼੍ਹ ਵਾਸੀ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ  ਅਨੁਸਾਰ ਸੂਰਤਗਡ਼੍ਹ ਦੇ ਵਾਰਡ ਨੰਬਰ  2 ਦਾ ਵਾਸੀ ਕਰੀਬ 23 ਸਾਲਾ ਹਰਪ੍ਰੀਤ ਉਰਫ ਹੈਪੀ ਪੁੱਤਰ ਬਲਵਿੰਦਰ ਸਿੰਘ  ਬੀਤੀ ਸ਼ਾਮ ਧਰਾਂਗਵਾਲਾ ਵਾਸੀ ਆਪਣੀ ਭੂਆ ਨੂੰ ਮਿਲਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਧਰਾਂਗਵਾਲਾ ਆ ਰਿਹਾ ਸੀ। ਜਦ ਉਹ ਖੁਈਆਂ ਸਰਵਰ  ਦੇ ਨੇਡ਼ੇ ਪਹੁੰਚਿਆ ਤਾਂ ਸਡ਼ਕ ਕੰਢੇ ਲਕਡ਼ੀਆਂ ਨਾਲ ਲਦੀ ਇਕ ਟਰਾਲੀ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਨਾਲ ਉਹ ਫੱਟਡ਼ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ 108 ਐਂਬੂਲੈਂਸ ਚਾਲਕਾਂ ਨੂੰ ਦਿੱਤੀ, ਜਿਨ੍ਹਾਂ  ਨੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ  ਫਰੀਦਕੋਟ ਰੈਫਰ ਕਰ ਦਿੱਤਾ ਪਰ ਮੌਕੇ ’ਤੇ ਉਸ ਦਾ ਕੋਈ ਪਰਿਵਾਰ ਵਾਲਾ ਨਾ ਹੋਣ ਅਤੇ ਕਿਸੇ ਸੰਸਥਾ ਮੈਂਬਰ  ਦੇ ਅੱਗੇ ਨਾ ਆਉਣ ’ਤੇ ਉਸ ਦੀ ਹਸਪਤਾਲ ’ਚ ਹੀ ਕਰੀਬ ਇਕ ਘੰਟੇ ਬਾਅਦ ਮੌਤ ਹੋ ਗਈ। ਹਸਪਤਾਲ ’ਚ ਮੌਜੂਦ ਕਾਲਾ ਟਿੱਬਾ ਪਿੰਡ ਦੇ ਸਰਪੰਚ ਕੇਵਲ ਸਿੰਘ ਨੇ ਨੌਜਵਾਨ ਦੇ ਮੋਬਾਇਲ ’ਚੋਂ ਉਸ ਦਾ ਸਿਮ ਕੱਢ ਕੇ ਆਪਣੇ ਫੋਨ ’ਚ  ਪਾ ਕੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸੂਰਤਗਡ਼੍ਹ ’ਚ ਸੀਵਰੇਜ ਬੋਰਡ ’ਚ ਕੰਮ ਕਰਦਾ ਸੀ ਅਤੇ ਆਪਣੇ ਮਾਪਿਆਂ ਤੇ ਭੈਣ ਦਾ ਇਕਲੌਤਾ ਸਹਾਰਾ ਸੀ। 


Related News