ਅਣਪਛਾਤਾ ਟਰੱਕ ਚਾਲਕ ਅੱਧਾ ਦਰਜਨ ਤੋਂ ਵੱਧ ਗਊਵੰਸ਼ਾਂ ਨੂੰ ਮ੍ਰਿਤਕ ਹਾਲਤ ’ਚ ਸੁੱਟ ਕੇ ਫਰਾਰ

08/13/2018 1:49:57 AM

ਅਬੋਹਰ, (ਸੁਨੀਲ)— ਅਬੋਹਰ-ਮਲੋਟ ਰਾਸ਼ਟਰੀ ਮਾਰਗ ਨੰ. 10 ’ਤੇ ਸਥਿਤ ਗੋਬਿੰਦਗੜ੍ਹ ਲਿੰਕ ਮਾਰਗ ’ਤੇ ਬਾਬਾ ਦੀਪ ਸਿੰਘ ਨਗਰ ਦੇ ਸਾਹਮਣੇ ਬੀਤੀ ਦੇਰ ਰਾਤ ਕੋਈ ਅਣਪਛਾਤੇ ਟਰੱਕ ਚਾਲਕ ਅੱਧਾ ਦਰਜਨ ਤੋਂ ਜ਼ਿਆਦਾ ਗਊਵੰਸ਼ਾਂ ਨੂੰ ਮ੍ਰਿਤਕ ਹਾਲਤ ’ਚ ਸੁੱਟ ਕੇ ਫਰਾਰ ਹੋ ਗਏ। ਸਵੇਰੇ ਇਸ ਗੱਲ ਦੀ ਸੂਚਨਾ ਮਿਲਣ ’ਤੇ ਕ੍ਰਿਸ਼ਨਾ ਗਊ ਸੇਵਾ ਦੌਲਤਪੁਰਾ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਕਿ 8 ਗਊਵੰਸ਼ ਮ੍ਰਿਤਕ ਪਏ ਸਨ, ਜਦਕਿ ਇਕ ਗਾਂ ਜ਼ਖਮੀ ਪਈ ਸੀ, ਜਿਸ ਨੂੰ ਉਹ ਇਲਾਜ ਲਈ ਆਪਣੀ ਗਊਸ਼ਾਲਾ ਲੈ ਗਏ, ਜਦਕਿ ਹੋਰ ਮ੍ਰਿਤਕ ਗਊਵੰਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੁਲਸ ਅਧਿਕਾਰੀਆਂ ਦੀ ਟੀਮ ਨੇ ਹੱਡਾ ਰੋੜੀ ’ਚ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 8 ਵਜੇ ਕ੍ਰਿਸ਼ਨਾ ਗਊ ਸੇਵਾ ਦੌਲਤਪੁਰ ਦੀ ਟੀਮ ਨੂੰ ਸੂਚਨਾ ਮਿਲੀ ਕਿ ਗੋਬਿੰਦਗੜ੍ਹ ਲਿੰਕ ਰੋਡ ’ਤੇ ਬਾਬਾ ਦੀਪ ਸਿੰਘ ਨਗਰ ਦੇ ਸਾਹਮਣੇ ਤੇ ਮਲੋਟ ਰੋਡ ਪੁਲ ਦੇ ਨੇੜੇ ਅੱਧਾ ਦਰਜਨ ਤੋਂ ਜ਼ਿਆਦਾ ਗਊਆਂ ਤੇ ਸਾਨ੍ਹ ਮ੍ਰਿਤਕ ਪਏ ਹਨ, ਜਿਸ ’ਤੇ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਇਹ ਪਸ਼ੂ ਵੱਖ-ਵੱਖ ਦੂਰੀ ’ਤੇ ਮਰੇ ਪਏ ਸਨ, ਜਦਕਿ ਇਕ ਗਾਂ ਤੜਫ ਰਹੀ ਸੀ। ਉਨ੍ਹਾਂ  ਇਸ ਗੱਲ ਦੀ ਸੂਚਨਾ ਨਗਰ ਥਾਣਾ ਨੰ. 1 ਦੀ ਪੁਲਸ ਨੂੰ ਦਿੱਤੀ, ਜਿਸ ’ਤੇ ਥਾਣਾ ਇੰਚਾਰਜ ਪਰਮਜੀਤ ਕੁਮਾਰ, ਚੰਦਰ ਸ਼ੇਖਰ ਤੇ ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਜ਼ਿਲਾ ਪੁਲਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ’ਤੇ ਜ਼ਿਲਾ ਪੁਲਸ ਕਪਤਾਨ ਗੁਲਨੀਤ ਸਿੰਘ ਖੁਰਾਣਾ, ਪੁਲਸ  ਕਪਤਾਨ ਅਬੋਹਰ ਵਿਨੋਦ ਚੌਧਰੀ, ਪੁਲਸ ਉਪ ਕਪਤਾਨ ਰਾਹੁਲ ਭਾਰਦਵਾਜ ਤੇ ਉਪ ਮੰਡਲ ਅਧਿਕਾਰੀ ਪੂਨਮ ਸਿੰਘ ਮੌਕੇ ’ਤੇ ਪਹੁੰਚੇ ਅਤੇ ਜ਼ਖਮੀ ਗਾਂ ਨੂੰ ਇਲਾਜ ਲਈ ਦੌਲਤਪੁਰਾ ਗਊਸ਼ਾਲਾ ਭੇਜ ਦਿੱਤਾ, ਜਦਕਿ ਮ੍ਰਿਤਕ ਗਊਵੰਸ਼ਾਂ ਨੂੰ ਪੋਸਟਮਾਰਟਮ ਲਈ ਕ੍ਰਿਪਾਰਾਮ ਮਾਰਗ ਸਥਿਤ ਹੱਡਾਰੋੜੀ ਭੇਜਿਆ ਗਿਆ।  ਪੁਲਸ ਅਧਿਕਾਰੀਆਂ ਨੇ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਰਾਜਿੰਦਰ ਬਾਂਸਲ ਤੇ ਐੱਸ. ਵੀ. ਓ. ਨਰਿੰਦਰ ਪਾਲ ਗੋਇਲ ਦੀ ਅਗਵਾਈ ’ਚ ਪਸ਼ੂਆਂ ਦੇ ਪੋਸਟਮਾਰਟਮ ਲਈ ਇਕ ਟੀਮ ਦਾ ਗਠਨ ਕੀਤਾ, ਜਿਸ ’ਚ ਡਾ. ਅਮਿਤ ਨੈਨ, ਡਾ. ਮਾਨਵ, ਡਾ. ਲਵਜੋਤ, ਡਾ. ਯੋਗੇਸ਼ ਨੇ ਮ੍ਰਿਤ ਗਊਵੰਸ਼ਾਂ ਦਾ ਪੋਸਟਮਾਰਟਮ ਕੀਤਾ। ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਪਸ਼ੂਆਂ ਦੇ ਵਿਸਰੇ  ਨੂੰ ਜਾਂਚ ਲਈ ਖਰੜ ਦੀ ਲੈਬ ਭੇਜਿਆ ਗਿਆ ਹੈ, ਜਿਥੇ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਪਸ਼ੂਆਂ ਦੀ ਮੌਤ ਦਾ ਕਾਰਨ ਪਤਾ ਲੱਗ ਸਕੇਗਾ। ਜ਼ਿਲਾ ਪੁਲਸ ਕਪਤਾਨ ਗੁਲਨੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਟੀਮ ਨੇ ਮ੍ਰਿਤਕ ਗਊਵੰਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਹਿੰਦੂ ਰੀਤੀ ਰਿਵਾਜਾਂ ਨਾਲ ਦਫਨਾ ਦਿੱਤਾ ਹੈ। ਉਨ੍ਹਾਂ  ਕਿਹਾ ਕਿ ਪਹਿਲੀ ਨਜ਼ਰੇ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਸਾਰੇ ਪਸ਼ੂਆਂ ਨੂੰ ਕਿਸੇ ਵੱਡੇ ਟਰੱਕ ’ਚ ਪਾਇਆ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਸਾਹ ਘੁਟਣ ਕਾਰਨ ਮੌਤ ਹੋਈ ਹੈ ਪਰ ਸੱਚਾਈ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ  ਲੱਗੇਗਾ। ਉਨ੍ਹਾਂ  ਕਿਹਾ ਕਿ ਪੁਲਸ ਨੇ ਅਣਪਛਾਤੇ ਲੋਕਾਂ  ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਉਧਰ ਘਟਨਾ ਦਾ ਪਤਾ ਲੱਗਣ ’ਤੇ ਬਜਰੰਗ ਦਲ ਹਿੰਦੁਸਤਾਨ ਦੇ ਪ੍ਰਚਾਰਕ ਪਰਮਦੀਪ ਭਾਦੂ ਤੇ ਪੰਜਾਬ ਦੇ ਸਹਿਮੰਤਰੀ ਸੰਜੇ ਨੌਜਾ ਸਣੇ ਕਰੀਬ ਦੋ ਦਰਜਨ ਮੈਂਬਰ ਮੌਕੇ  ’ਤੇ ਪਹੁੰਚੇ ਤੇ ਪੁਲਸ ਤੋਂ ਇਸ ਘਟਨਾ ਦੀ ਜਾਂਚ ਕਰ ਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ, ਜਿਸ ’ਤੇ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਭਰੋਸਾ ਦਿੱਤਾ ਕਿ ਪੁਲਸ ਨੇ  ਇਸ ਮਾਮਲੇ ’ਚ  ਕਾਰਵਾਈ ਕਰਦੇ ਹੋਏ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News