ਕਾਰ-ਪਿੱਕਅਪ ਵੈਨ ਦੀ ਟੱਕਰ ’ਚ 4 ਜ਼ਖ਼ਮੀ, ਅੌਰਤ ਦੀ ਹਾਲਤ ਗੰਭੀਰ
Tuesday, Jul 03, 2018 - 02:15 AM (IST)

ਹੁਸ਼ਿਆਰਪੁਰ, (ਅਮਰਿੰਦਰ)- ਦਸੂਹਾ ਰੋਡ ’ਤੇ ਬਾਗਪੁਰ ਨੇੜੇ ਅੱਜ ਸ਼ਾਮੀਂ ਕਰੀਬ 6 ਵਜੇ ਇਕ ਕਾਰ ਅਤੇ ਪਿੱਕਅਪ ਵੈਨ ਵਿਚਕਾਰ ਵਾਪਰੇ ਹਾਦਸੇ ’ਚ ਕਾਰ ਸਵਾਰ 4 ਵਿਅਕਤੀ ਜ਼ਖ਼ਮੀ ਹੋ ਗਏ। ਕਾਰ ਦੀ ਅਗਲੀ ਸੀਟ ’ਤੇ ਬੈਠੀ ਕੁਲਦੀਪ ਕੌਰ ਪਤਨੀ ਜਰਨੈਲ ਸਿੰਘ ਵਾਸੀ ਚੰਡੀਗਡ਼੍ਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਜ਼ਖ਼ਮੀਆਂ ਨੂੰ 108 ਨੰ. ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਅਨੁਸਾਰ ਕਾਰ ਚਲਾ ਰਹੇ ਜਰਨੈਲ ਸਿੰਘ ਅਤੇ ਉਸ ਦੇ ਦੋਵਾਂ ਬੇਟਿਆਂ ਦਲਜੀਤ ਸਿੰਘ ਤੇ ਤੇਜਿੰਦਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਕੁਲਦੀਪ ਕੌਰ ਦੀ ਹਾਲਤ ਗੰਭੀਰ ਹੈ।
ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜਰਨੈਲ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਚੰਡੀਗਡ਼੍ਹ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੌਲਤਪੁਰ ਗਿੱਲਾਂ ਨਜ਼ਦੀਕ ਦੋਸਡ਼ਕਾ (ਹੁਸ਼ਿਆਰਪੁਰ) ’ਚ ਉਸ ਦੀ ਸੱਸ ਦਾ ਦਿਹਾਂਤ ਹੋ ਗਿਆ ਸੀ। ਅੱਜ ਉਹ ਆਪਣੀ ਕਾਰ ਨੰ. ਪੀ ਬੀ 01-ਬੀ-4092 ’ਤੇ ਦੌਲਤਪੁਰ ਗਿੱਲਾਂ ਜਾ ਰਹੇ ਸਨ ਕਿ ਬਾਗਪੁਰ ਨੇੜੇ ਕਿਸੇ ਵਾਹਨ ਨੂੰ ਓਵਰਟੇਕ ਕਰ ਰਹੀ ਤੇਜ਼ ਰਫ਼ਤਾਰ ਪਿੱਕਅਪ ਵੈਨ ਨੰ. ਐੱਚ ਪੀ-38-ਈ-7100 ਨੇ ਉਨ੍ਹਾਂ ਦੀ ਕਾਰ ਨੂੰ ਫੇਟ ਮਾਰ ਦਿੱਤੀ। ਹਾਦਸੇ ਤੋਂ ਬਾਅਦ ਚਾਲਕ ਪਿੱਕਅਪ ਵੈਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।