ਹਾਦਸੇ ''ਚ ਔਰਤ ਸਣੇ 2 ਵਿਅਕਤੀਆਂ ਦੀ ਮੌਤ

Tuesday, Mar 27, 2018 - 01:42 AM (IST)

ਹਾਦਸੇ ''ਚ ਔਰਤ ਸਣੇ 2 ਵਿਅਕਤੀਆਂ ਦੀ ਮੌਤ

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਬਾਧਾ ਟੀ ਪੁਆਇੰਟ ਦੇ ਨੇੜੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਹੋ ਜਾਣ ਸਬੰਧੀ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸਤਨਾਮ ਚੰਦ ਵਾਸੀ ਪਿੰਡ ਬੇਗਾਂ ਵਾਲੀ (ਫਾਜ਼ਿਲਕਾ) ਨੇ ਦੱਸਿਆ ਕਿ 22 ਮਾਰਚ ਨੂੰ ਸਵੇਰੇ ਲਗਭਗ 10 ਵਜੇ ਉਸਦਾ ਭਰਾ ਹਰਬੰਸ ਲਾਲ ਅਤੇ ਉਸਦੀ ਪਤਨੀ ਸੁਮਿਤਰਾ ਬਾਈ ਕਿਸੇ ਕੰਮ ਲਈ ਫਾਜ਼ਿਲਕਾ ਤੋਂ ਪਿੰਡ ਲਾਧੂਕਾ ਵੱਲ ਜਾ ਰਹੇ ਸਨ ਕਿ ਸਥਾਨਕ ਰੇਲਵੇ ਓਵਰਬ੍ਰਿਜ ਦੇ ਦੂਸਰੇ ਪਾਸੇ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਬਾਧਾ ਟੀ ਪੁਆਇੰਟ ਦੇ ਨੇੜੇ ਹਰਮੀਤ ਸਿੰਘ ਵਾਸੀ ਮੰਡੀ ਲਾਧੂਕਾ ਨੇ ਲਾਪ੍ਰਵਾਹੀ ਨਾਲ ਟਰੱਕ ਚਲਾ ਕੇ ਉਸਦੇ ਭਰਾ ਅਤੇ ਉਸਦੀ ਭਾਬੀ ਦੇ ਵਿਚ ਮਾਰਿਆ।
ਜਿਸ ਕਰਨ ਦੋਵ੍ਹੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਦੋਵ੍ਹਾਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੋਂ ਸੁਮਿਤਰਾ ਬਾਈ ਨੂੰ ਅਗਲੇ ਇਲਾਜ ਲਈ ਸ਼੍ਰੀਗੰਗਾਨਗਰ ਲੈ ਜਾਇਆ ਗਿਆ ਜਿੱਥੇ ਇਲਾਜ ਦੌਰਾਨ ਬੀਤੇ ਦਿਨ ਉਸਦੀ ਮੌਤ ਹੋ ਗਈ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬੀਤੀ ਰਾਤ ਐੱਫ. ਐੱਫ. ਰੋਡ 'ਤੇ ਪੈਂਦੇ ਪਿੰਡ ਭੰਬਾ ਵੱਟੂ ਦੇ ਕੋਲ ਸਾਹਮਣਿਓਂ ਆ ਰਹੇ ਟਰੱਕ ਦੀਆਂ ਤੇਜ਼ ਲਾਈਟਾਂ ਵੱਜਣ ਕਰਕੇ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਘੁਬਾਇਆ ਦੇ ਚੌਕੀ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਰਨੈਲ ਸਿੰਘ ਪੁੱਤਰ ਫੌਜਾ ਸਿੰਘ ਪਿੰਡ ਅਮੀਰ ਖਾਸ ਦਾ ਰਹਿਣ ਵਾਲਾ ਸੀ, ਜੋ ਕਿ ਪਿੰਡ ਮਨਸਾ ਤੋਂ ਆਪਣੇ ਰਿਸ਼ਤੇਦਾਰ ਦੇ ਵਿਆਹ ਤੋਂ ਵਾਪਸ ਆਪਣੇ ਪਿੰਡ ਵੱਲ ਆ ਰਿਹਾ ਸੀ। ਜਦ ਉਹ ਪਿੰਡ ਭੰਬਾ ਵੱਟੂ ਦੇ ਲਾਗੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੇ ਟਰੱਕ ਦੀਆਂ ਲਾਈਟਾਂ ਵੱਜਣ ਕਾਰਨ ਉਸ ਨੂੰ ਕੁਝ ਦਿਖਾਈ ਨਾ ਦਿੱਤਾ, ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਣ 'ਤੇ ਕੱਚੇ ਰਸਤੇ ਜਾ ਕੇ ਕੰਧ ਨੂੰ ਜਾ ਵੱਜਿਆ, ਜਿਸ ਕਰਕੇ ਜਰਨੈਲ ਸਿੰਘ ਨੂੰ ਗੰਭੀਰ ਸੱਟਾਂ ਲੱਗ ਗਈਆਂ। ਉਸ ਮੌਕੇ ਸੂਚਨਾ ਮਿਲਣ 'ਤੇ ਘੁਬਾਇਆ ਚੌਕੀ ਇੰਚਾਰਜ ਪੁਲਸ ਪਾਰਟੀ ਸਮੇਤ ਪਹੁੰਚ ਗਏ ਅਤੇ ਜ਼ਖਮੀ ਵਿਅਕਤੀ ਨੂੰ ਜਲਦੀ ਨਾਲ ਹੀ ਐਂਬੂਲੈਂਸ ਮੰਗਵਾ ਕੇ ਇਲਾਜ ਲਈ ਹਸਪਤਾਲ ਭੇਜਿਆ, ਜਿਥੇ ਡਾਕਟਰ ਵੱਲੋਂ ਮ੍ਰਿਤਕ ਕਰਾਰ ਦੇਣ 'ਤੇ 174 ਦੀ ਧਾਰਾ ਤਹਿਤ ਕਾਰਵਾਈ ਕੀਤੀ ਗਈ।
ਬੀਤੀ ਦੁਪਹਿਰ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਬਣੇ ਬਜਾਜ ਪੈਟਰੋਲ ਪੰਪ ਦੇ ਕੋਲ ਟਰਾਲੇ ਅਤੇ ਮੋਟਰਸਾਈਕਲ ਦੀ ਹੋਈ ਆਪਸੀ ਟੱਕਰ 'ਚ 2 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ । 
ਜਾਣਕਾਰੀ ਅਨੁਸਾਰ ਨੌਜਵਾਨ ਮੋਹਿਤ ਰਾਏ ਪੁੱਤਰ ਜਗਦੀਸ਼ ਕੁਮਾਰ ਅਤੇ ਰਣਜੀਤ ਸਿੰਘ ਪੁੱਤਰ ਕਿਸ਼ੋਰ ਸਿੰਘ ਵਾਸੀਆਨ ਸੁਖੇਰਾ ਬੋਦਲਾ ਬੀਤੀ ਦੁਪਹਿਰ ਨੂੰ ਵਿਆਹ ਸਮਾਗਮ ਦੇ ਕੱਪੜੇ ਖਰੀਦ ਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸਨ, ਜਦੋਂ ਉਹ ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਬਣੇ ਮੱਕੜ ਢਾਬਾ ਦੇ ਕੋਲ ਪੁੱਜੇ ਤਾਂ ਅੱਗੇ ਜਾ ਰਹੇ ਟਰਾਲਾ ਚਾਲਕ ਨੇ ਇਕਦਮ ਆਪਣੀ ਲਾਈਨ ਬਦਲ ਲਈ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟਰਾਲੇ ਨਾਲ ਟਕਰਾ ਗਿਆ ਅਤੇ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੋਹਿਤ ਰਾਏ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।


Related News