ਵੱਖ-ਵੱਖ ਸਥਾਨਾਂ ''ਤੇ ਟਰੇਨ ਦੀ ਲਪੇਟ ''ਚ ਆਉਣ ਨਾਲ 2 ਦੀ ਮੌਤ, 1 ਜ਼ਖ਼ਮੀ
Wednesday, Jan 17, 2018 - 04:14 AM (IST)
ਲੁਧਿਆਣਾ(ਵਿਪਨ)-ਲੁਧਿਆਣਾ ਤੋਂ ਢੰਡਾਰੀ ਸਟੇਸ਼ਨ ਦੇ ਵਿਚਕਾਰ ਵੱਖ-ਵੱਖ ਸਥਾਨਾਂ 'ਤੇ ਪੈਂਦੇ ਰੇਲਵੇ ਟਰੈਕ 'ਤੇ ਟਰੇਨ ਦੀ ਲਪੇਟ 'ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਸਥਾਨਕ ਸਟੇਸ਼ਨ ਦੇ ਨੇੜੇ ਪੈਂਦੇ ਜਗਰਾਓਂ ਪੁਲ ਨੇੜੇ ਇਕ ਮਹਿਲਾ ਟਰੇਨ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਢੰਡਾਰੀ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਸਾਹਨੇਵਾਲ ਸਟੇਸ਼ਨ ਵਿਚਕਾਰ ਪੈਂਦੇ ਖੇਤਰ ਢੰਡਾਰੀ ਖੁਰਦ ਸਬਜ਼ੀ ਮੰਡੀ ਦੇ ਨੇੜੇ ਰੇਲਵੇ ਟਰੈਕ 'ਤੇ ਇਕ ਬਜ਼ੁਰਗ ਦੀ ਟਰੇਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ 'ਤੇ ਜਾਂਚ ਲਈ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਮ੍ਰਿਤਕ, ਜਿਸ ਦੀ ਉਮਰ 60,65 ਸਾਲ ਦੇ ਕਰੀਬ ਸੀ ਅਤੇ ਰੇਲਵੇ ਟਰੈਕ ਕਰਾਸ ਕਰਦੇ ਸਮੇਂ ਪਿੱਛੇ ਤੋਂ ਆਈ ਕਿਸੇ ਤੇਜ਼ ਰਫਤਾਰ ਟਰੇਨ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਇਸ ਤਰ੍ਹਾਂ ਦਾ ਦਸਤਾਵੇਜ਼ ਜਾਂ ਸਾਮਾਨ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕਦੀ। ਇਸ ਲਈ ਫਿਲਹਾਲ ਧਾਰਾ 174 'ਚ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪਛਾਣ ਲਈ ਮੋਰਚਰੀ 'ਚ ਰੱਖਵਾ ਦਿੱਤਾ ਗਿਆ ਹੈ। ਇਕ ਹੋਰ ਮਾਮਲੇ ਵਿਚ ਏ. ਐੱਸ. ਆਈ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ ਤੋਂ ਢੰਡਾਰੀ ਸਟੇਸ਼ਨ ਦੇ ਵਿਚਕਾਰ ਪੈਂਦੇ ਖੇਤਰ ਡਾਬਾ ਰੋਡ ਦੇ ਨੇੜੇ ਦੋ ਨੌਜਵਾਨ ਰੇਲਵੇ ਲਾਈਨ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਏ, ਜਿਸ ਕਾਰਨ ਮੌਕੇ 'ਤੇ ਪੁਲਸ ਕਰਮਚਾਰੀਆਂ ਨੂੰ ਜਾਂਚ ਲਈ ਭੇਜਿਆ ਗਿਆ ਤਾਂ ਉਸ ਨੇ ਜਾਣਕਾਰੀ ਦਿੱਤੀ ਕਿ ਮੌਕੇ 'ਤੇ ਖੜ੍ਹੇ ਦੇਖਣ ਵਾਲਿਆਂ ਨੇ ਦੱਸਿਆ ਕਿ 7, 8 ਨੌਜਵਾਨ ਭੱਜ ਕੇ ਰੇਲਵੇ ਲਾਈਨ ਨੂੰ ਪਾਰ ਕਰ ਰਹੇ ਸਨ ਕਿ ਅਚਾਨਕ ਟਰੈਕ 'ਤੇ ਪਿੱਛੇ ਤੋਂ ਤੇਜ਼ ਰਫਤਾਰ ਟਰੇਨ ਆ ਗਈ ਤੇ 2 ਨੌਜਵਾਨਾਂ ਨੂੰ ਆਪਣੀ ਲਪੇਟ 'ਚ ਲਿਆ, ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਦੀ ਉਮਰ 22 ਤੋਂ 25 ਦੇ ਵਿਚਕਾਰ ਸੀ ਅਤੇ ਉਨ੍ਹਾਂ 'ਚੋਂ ਇਕ ਨੌਜਵਾਨ ਨੇ ਜ਼ਖਮਾਂ ਦੀ ਪੀੜ ਨਾ ਸਹਿੰਦੇ ਹੋਏ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਕ ਹੋਰ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਸਥਾਨਕ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਜਗਰਾਓਂ ਪੁਲ 'ਤੇ ਬਣੇ ਮੰਦਰ ਦੇ ਨੇੜੇ ਰੇਲਵੇ ਟਰੈਕ 'ਤੇ ਇਕ ਮਹਿਲਾ, ਜਿਸ ਦੀ ਉਮਰ ਲਗਭਗ 40, 42 ਸਾਲ ਸੀ, ਰੇਲਵੇ ਲਾਈਨਾਂ ਕਰਾਸ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆ ਗਈ। ਉਨ੍ਹਾਂ ਦੱਸਿਆ ਕਿ ਟਰੇਨ ਦੀ ਲਪੇਟ 'ਚ ਆਉਣ ਕਾਰਨ ਪੀੜਤ ਮਹਿਲਾ ਦੀ ਲੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਕਾਰਨ ਉਸ ਨੂੰ ਰਾਹਗੀਰਾਂ ਦੀ ਸਹਾਇਤਾ ਨਾਲ ਇਲਾਜ ਲਈ ਹਸਪਤਾਲ ਭੇਜਿਆ ਗਿਆ।
