ਫਾਰਚੂਨਰ ਗੱਡੀ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 1 ਦੀ ਮੌਤ
Wednesday, Oct 25, 2017 - 05:56 AM (IST)
ਤਲਵੰਡੀ ਸਾਬੋ(ਮੁਨੀਸ਼)-ਪਿੰਡ ਜਗਾ ਰਾਮ ਤੀਰਥ ਵਿਖੇ ਅੱਜ ਫਾਰਚੂਨਰ ਗੱਡੀ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਤੇ ਗੁਰਮੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖੋਖਰ ਦੋਵੇਂ ਮੋਟਰਸਾਈਕਲ 'ਤੇ ਆਪਣੇ ਰਿਸ਼ਤੇਦਾਰ ਕੋਲ ਪਿੰਡ ਗਿਆਨੇ ਜਾ ਰਹੇ ਸਨ ਕਿ ਪਿੰਡ ਜਗਾ ਰਾਮ ਤੀਰਥ ਨੇੜੇ ਤੇਜ਼ ਰਫਤਾਰ ਫਾਰਚੂਨਰ ਗੱਡੀ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਦੋਵੇਂ ਸੜਕ 'ਤੇ ਡਿੱਗ ਗਏ, ਜਿਨ੍ਹਾਂ 'ਚੋਂ ਜਸਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜ਼ਖਮੀ ਗੁਰਮੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਵਿਖੇ ਭੇਜਿਆ ਗਿਆ। ਫਾਰਚੂਨਰ ਗੱਡੀ ਚਾਲਕ ਮੌਕੇ ਤੋਂ ਗੱਡੀ ਛੱਡ ਕੇ ਭੱਜ ਗਿਆ। ਜ਼ਖਮੀ ਤੇ ਮ੍ਰਿਤਕ ਦੋਵੇਂ ਚਚੇਰੇ ਭਰਾ ਹਨ। ਤਲਵੰਡੀ ਸਾਬੋ ਪੁਲਸ ਨੇ ਫਾਰਚੂਨਰ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਖਿਲਾਫ ਧਾਰਾ 304-ਏ, 279, 337, 338, 427 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
