ਵਾਹਨ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ
Tuesday, Sep 19, 2017 - 02:18 AM (IST)
ਰਾਮਾਂ ਮੰਡੀ(ਪਰਮਜੀਤ)-ਅੱਜ ਦੇਰ ਰਾਤ ਬਾਘਾ-ਬੰਗੀ ਰੋਡ 'ਤੇ ਵਾਹਨ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਸੂਚਨਾ ਮਿਲਦੇ ਹੀ ਰਾਮਾਂ ਪੁਲਸ ਦੇ ਅਧਿਕਾਰੀ ਅਤੇ ਸਥਾਨਕ ਸ਼ਹਿਰ ਦੀ ਸਮਾਜਸੇਵੀ ਸੰਸਥਾ ਹੈਲਪਲਾਈਨ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਵਰਕਰਾਂ ਅਤੇ ਐਂਬੂਲੈਂਸ ਸਣੇ ਉਕਤ ਘਟਨਾ ਸਥਾਨ 'ਤੇ ਪਹੁੰਚੇ। ਹੈਲਪਲਾਈਨ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦਾਸ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕੋਟਬਖਤੂ ਵਜੋਂ ਹੋਈ ਹੈ, ਜੋ ਕਿ ਰਿਫਾਇਨਰੀ 'ਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ। ਮ੍ਰਿਤਕ ਗੁਰਦਾਸ ਸਿੰਘ ਰਿਫਾਇਨਰੀ 'ਚ ਡਿਊਟੀ ਕਰ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ 'ਚ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਰਾਮਾਂ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਭੇਜ ਦਿੱਤੀ। ਇਸ ਮੌਕੇ ਪਿੰਡ ਕੋਟਬਖਤੂ ਦੀ ਸਰਪੰਚ ਕਮਲਾ ਦੇਵੀ, ਜਗਦੀਸ਼ ਲਾਲ ਬਖਤੂ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਨੇ ਰਿਫਾਇਨਰੀ ਅਧਿਕਾਰੀਆਂ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਦੱਸਿਆ ਕਿ ਮ੍ਰਿਤਕ ਗੁਰਦਾਸ ਸਿੰਘ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਉਹ ਰਿਫਾਇਨਰੀ ਵਿਚ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।
