ਟਿਊਸ਼ਨ ਪੜ੍ਹਨ ਜਾ ਰਹੀਆਂ ਵਿਦਿਆਰਥਣਾਂ ਨੂੰ ਟਰਾਲੇ ਨੇ ਕੁਚਲਿਆ, ਇਕ ਦੀ ਮੌਤ

Saturday, Sep 09, 2017 - 02:31 AM (IST)

ਪਠਾਨਕੋਟ(ਸ਼ਾਰਦਾ, ਹੀਰਾ ਲਾਲ, ਸਾਹਿਲ, ਜੋਤੀ, ਆਦਿਤਿਆ)-ਸੁਜਾਨਪੁਰ ਦੇ ਪੁਲ ਨੰ. 4 ਦੇ ਚੌਰਾਹੇ 'ਤੇ ਅੱਜ ਦੁਪਹਿਰ ਨੂੰ ਐਕਟਿਵਾ ਸਵਾਰ ਇਕ ਵਿਦਿਆਰਥਣ ਦੀ ਟਰਾਲੇ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਅਤੇ ਪਿੱਛੇ ਬੈਠੀ ਦੂਸਰੀ ਲੜਕੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਦੁਪਹਿਰ ਲਗਭਗ 12 ਵਜੇ ਦੇ ਕਰੀਬ 2 ਲੜਕੀਆਂ ਐਕਟਿਵਾ 'ਤੇ ਸਵਾਰ ਹੋ ਕੇ ਸਕੂਲ ਤੋਂ ਛੁੱਟੀ ਦੇ ਬਾਅਦ ਟਿਊਸ਼ਨ ਪੜ੍ਹਨ ਲਈ ਸੁਜਾਨਪੁਰ ਜਾ ਰਹੀਆਂ ਸਨ, ਜਦੋਂ ਉਹ ਪੁਲ ਨੰ.4 ਤੋਂ ਸ਼ਹਿਰ ਵੱਲ ਮੁੜਨ ਲੱਗੀਆਂ ਕਿ ਪਿੱਛੋਂ ਤੇਜ਼ ਗਤੀ ਨਾਲ ਆ ਰਹੇ ਟਰਾਲੇ ਜੋ ਕਿ ਸਰਨਾ ਤੋਂ ਜੰਮੂ ਵੱਲ ਜਾ ਰਿਹਾ ਸੀ, ਨੇ ਉਨ੍ਹਾਂ ਨੂੰ ਲਪੇਟ 'ਚ ਲੈ ਲਿਆ, ਜਿਸ ਨਾਲ ਇਕ ਵਿਦਿਆਰਥਣ ਆਰਜ਼ੂ ਵਾਸੀ ਸਰਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠੀ ਪਾਇਲ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਸ ਨੂੰ ਪਠਾਨਕੋਟ ਰੈਫ਼ਰ ਕਰ ਦਿੱਤਾ ਗਿਆ। ਲੋਕਾਂ ਨੇ ਟਰਾਲਾ ਚਾਲਕ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਟਰਾਲੇ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੜਕ ਚਾਰ ਮਾਰਗੀ ਬਣਨ ਤੋਂ ਬਾਅਦ ਇਥੇ ਆਏ ਦਿਨ ਦੁਰਘਟਨਾਵਾਂ ਵਾਪਰ ਰਹੀਆਂ ਹਨ। ਇਥੇ ਪ੍ਰਸ਼ਾਸਨ ਵੱਲੋਂ ਪਹਿਲੇ ਸਪੀਡ ਬ੍ਰੇਕਰ ਬਣਾਏ ਗਏ ਸਨ, ਜਿਸ ਨਾਲ ਇਨ੍ਹਾਂ ਚੌਰਾਹਿਆਂ 'ਤੇ ਵਾਹਨਾਂ ਦੀ ਗਤੀ ਕੰਟਰੋਲ ਹੋ ਜਾਂਦੀ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਇਹ ਸਪੀਡ ਬ੍ਰੇਕਰ ਟੁੱਟ ਚੁੱਕੇ ਹਨ, ਜਿਸ ਕਾਰਨ ਇਥੇ ਸੜਕ ਨੂੰ ਕ੍ਰਾਸ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਵੀ ਕਈ ਲੋਕ ਇਥੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ, ਜਦਕਿ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।  ਲੋਕਾਂ ਨੇ ਕਿਹਾ ਕਿ ਪੁਲਸ ਥਾਣਾ ਕੁਝ ਦੂਰੀ 'ਤੇ ਹੋਣ ਦੇ ਬਾਵਜੂਦ ਪੁਲਸ ਹਾਦਸੇ ਤੋਂ 15 ਮਿੰਟ ਬਾਅਦ ਪੁੱਜੀ। ਲਾਇਨਜ਼ ਕਲੱਬ ਦੇ ਉਮੇਸ਼ ਕਮਲ ਡੋਗਰਾ, ਭਾਰਤ ਵਿਕਾਸ ਪ੍ਰੀਸ਼ਦ ਦੇ ਅਸ਼ੋਕ ਕੁਮਾਰ, ਮੋਹਨ ਲਾਲ, ਯੋਗਰਾਜ, ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਤ੍ਰਿਭਵਨ ਸਿੰਘ, ਪਵਨ ਮਹਾਜਨ ਤੇ ਵਿਨੋਦ ਮਹਾਜਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੇ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਅਤੇ ਪੁਲ ਨੰਬਰ 4 ਅਤੇ 5 ਦੇ ਚੌਰਾਹਿਆਂ 'ਤੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਇਥੋਂ ਲੰਘਣ ਵਾਲੇ ਵਾਹਨਾਂ ਦੀ ਗਤੀ ਨੂੰ ਕੰਟਰੋਲ ਕੀਤਾ ਜਾ ਸਕੇ। 


Related News