ਹੈੱਡਫੋਨ ਲਾ ਕੇ ਚਲਾ ਰਿਹਾ ਸੀ ਕ੍ਰੇਨ, ਰਾਹ ਜਾਂਦੀ ਔਰਤ ਨੂੰ ਕੁਚਲਿਆ, ਮੌਤ
Thursday, Aug 24, 2017 - 03:52 AM (IST)
ਲੁਧਿਆਣਾ(ਮਹੇਸ਼)-ਟਿੱਬਾ ਰੋਡ 'ਤੇ ਬੁੱਧਵਾਰ ਸ਼ਾਮ ਨੂੰ ਇਕ ਤੇਜ਼ ਰਫਤਾਰ ਕ੍ਰੇਨ ਨੇ ਇਕ ਔਰਤ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਔਰਤ ਦੀ ਪਛਾਣ 50 ਸਾਲਾ ਆਸ਼ਾ ਰਾਣੀ ਦੇ ਰੂਪ ਵਿਚ ਹੋਈ ਹੈ, ਜੋ ਕਿ ਜੋਧੇਵਾਲ ਇਲਾਕੇ ਦੀ ਰਹਿਣ ਵਾਲੀ ਹੈ। ਪੁਲਸ ਨੇ ਕ੍ਰੇਨ ਕਬਜ਼ੇ ਵਿਚ ਲੈ ਕੇ ਉਸ ਦੇ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਸ਼ਾਮ ਕਰੀਬ 6 ਵਜੇ ਦੀ ਹੈ। ਆਸ਼ਾ ਇਲੈਕਟ੍ਰੋਨਿਕ ਦੇ ਸ਼ੋਅਰੂਮ ਵਿਚ ਕਿਸ਼ਤ ਜਮ੍ਹਾ ਕਰਵਾਉਣ ਤੋਂ ਬਾਅਦ ਵਾਪਸ ਘਰ ਜਾ ਰਹੀ ਸੀ, ਜਦੋਂ ਉਹ ਕੁਝ ਹੀ ਦੂਰ ਪੁੱਜੀ ਤਾਂ ਉਸ ਨੂੰ ਤੇਜ਼ ਰਫਤਾਰ ਕ੍ਰੇਨ ਨੇ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਦੇਖਣ ਵਾਲਿਆਂ ਨੇ ਦੱਸਿਆ ਕਿ ਕ੍ਰੇਨ ਚਾਲਕ ਨੇ ਕੰਨ ਵਿਚ ਹੈੱਡ ਫੋਨ ਲਾ ਰੱਖੇ ਸਨ ਅਤੇ ਉਹ ਬਹੁਤ ਹੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਕ੍ਰੇਨ ਚਲਾ ਰਿਹਾ ਸੀ, ਜਿਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
