ਮੋਗਾ 'ਚ ਸਕੂਲ ਵੈਨ ਪਲਟੀ, ਮਾਸੂਮ ਬੱਚੇ ਜ਼ਖਮੀ (ਵੀਡੀਓ)
Thursday, Dec 05, 2019 - 10:27 AM (IST)
ਮੋਗਾ (ਗੋਪੀ ਰਾਊਕੇ)—ਅੱਜ ਸਵੇਰੇ ਸਾਢੇ 8 ਵਜੇ ਦੇ ਕਰੀਬ ਸੈਕਰਟ ਹਾਰਟ ਸਕੂਲ ਦਾ ਨਿੱਜੀ ਟੈਂਪੂ ਟਰੈਵਲ ਪਲਟਣ ਨਾਲ 22 ਬੱਚੇ ਤੇ ਡਰਾਈਵਰ ਜ਼ਖ਼ਮੀ ਹੋ ਗਿਆ, ਜਿਨ੍ਹਾਂ 'ਚ 7 ਗੰਭੀਰ ਜ਼ਖ਼ਮੀਆ ਨੂੰ ਮੋਗਾ ਸਰਕਾਰੀ ਹਸਪਤਾਲ, 11 ਬੱਚੇ ਅੰਮ੍ਰਿਤ ਹਸਪਤਾਲ ਅਤੇ 4 ਬੱਚਿਆ ਨੂੰ ਕੋਟ ਈਸੇ ਖਾਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮੋਗਾ 'ਚ ਦਾਖਲ ਬੱਚੇ ਜਿਨ੍ਹਾਂ 'ਚ ਆਦੀ ਕਪੂਰ 5 ਸਾਲ, ਗੁਰਕੀਮਤ ਸਿੰਘ 3 ਸਾਲ, ਅਕਸ 6 ਸਾਲ, ਦਿਲਨੂਰ 6 ਸਾਲ, ਤਰਨਪ੍ਰੀਤ 3 ਸਾਲ, ਗੁਰਜੋਤ 6 ਸਾਲ, ਦਿਲਪ੍ਰੀਤ ਸਿੰਘ 5 ਸਾਲ 'ਚੋਂ ਆਦੀ ਜਿਸ ਦੀ ਲੱਤ ਟੁੱਟੀ ਹੈ ਅਤੇ ਗੰਭੀਰ ਹਾਲਤ 'ਚ ਹੈ, ਗੁਰਕੀਰਤ ਜਿਸ ਦੀ ਖੱਬੀ ਲੱਤ 'ਤੇ ਸੱਟ ਅਤੇ ਅਕਸ ਨੂੰ ਡੀ. ਐੱਮ. ਸੀ. ਲੁਧਿਆਣਾ ਭੇਜਿਆ ਗਿਆ ਹੈ। ਡਰਾਈਵਰ ਕੁਲਦੀਪ ਸਿੰਘ (50) ਜਿਸ ਦੀ ਇਸ ਹਾਦਸੇ 'ਚ ਲੱਤ ਟੁੱਟ ਗਈ, ਉਹ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਹੈ। ਡਰਾਈਵਰ ਦੇ ਕਹਿਣ ਅਨੁਸਾਰ ਟੈਂਪੂ ਟਰੈਵਲ 'ਚ 40 ਬੱਚੇ ਸਨ। ਹਸਪਤਾਲ 'ਚ ਜ਼ਖਮੀ ਹਾਲਤ 'ਚ ਪੁੱਜੇ ਬੱਚਿਆਂ ਦੀ ਦੁਰਘਟਨਾਂ ਦਾ ਪਤਾ ਲਗਦੇ ਹੀ ਸਿਵਲ ਸਰਜਨ ਡਾ. ਹਰਿੰਦਰ ਪਾਲ ਸਿੰਘ, ਐੱਸ. ਐੱਮ. ਓ. ਰਾਜੇਸ਼ ਅੱਤਰੀ ਪੂਰੀ ਟੀਮ ਨਾਲ ਐਮਰਜੈਂਸੀ ਵਾਰਡ 'ਚ ਪੁੱਜੇ, ਜਿਨ੍ਹਾਂ ਨੇ ਬੱਚਿਆਂ ਦਾ ਇਲਾਜ ਸ਼ੁਰੂ ਕੀਤਾ।
ਟੈਂਪੂ ਟਰੈਵਲ ਚਾਲਕ ਕਾਨੂੰਨ ਦੇ ਮਾਪਦੰਡਾਂ ਮੁਤਾਬਕ ਪੂਰਾ ਨਹੀਂ ਉਤਰਦਾ : ਲੂੰਬਾ
ਬੱਚਿਆਂ ਦਾ ਪਤਾ ਲੈਣ ਪੁੱਜੇ ਸਮਾਜ ਸੇਵੀ ਮਹਿੰਦਰਪਾਲ ਲੂੰਬਾ ਨੇ ਕਿਹਾ ਕਿ ਇਸ ਦੁਰਘਟਨਾਂ 'ਚ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਦੀ ਲਾਪਰਵਾਹੀ ਸਾਫ ਨਜ਼ਰ ਆਉਂਦੀ ਹੈ ਕਿਉਂਕਿ ਟੈਂਪੂ ਟਰੈਵਲ ਕਿਸੇ ਵੀ ਪਾਸਿਓ ਕਾਨੂੰਨ ਦੇ ਮਾਪਦੰਡਾਂ 'ਤੇ ਪੂਰਾ ਨਹੀਂ ਉਤਰਦੀ, ਜਦਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਕੂਲ ਬੱਸ ਦਾ ਰੰਗ ਪੀਲਾ, ਸਕੂਲ ਦਾ ਨਾਂ ਲਿਖਿਆ ਹੋਵੇ, ਡਰਾਈਵਰ ਦੇ ਵਰਦੀ ਤੇ ਬੱਚੇ ਵੀ 15 ਤੋਂ ਵੱਧ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਿੱਜੀ ਸਕੂਲ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਟੈਂਪੂ ਟਰੈਵਲ 'ਚ ਸਿਰਫ 20 ਬੱਚੇ ਸਨ : ਪਰਮਿੰਦਰ ਤੂਰ
ਇਸ ਸਬੰਧੀ ਸਕੂਲ ਦੇ ਸਟਾਫ ਅਤੇ ਸੀਨੀਅਰ ਇੰਚਾਰਜ ਪਰਮਿੰਦਰ ਕੌਰ ਤੂਰ ਨੂੰ ਪੁੱਛਣ 'ਤੇ ਉਨ੍ਹ ਾਂ ਕਿਹਾ ਕਿ ਟੈਂਪੂ ਟਰੈਵਲ 'ਚ ਸਿਰਫ 20 ਬੱਚੇ ਸਨ, ਅੱਗੇ ਉਨ੍ਹਾਂ ਨੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਅਤੇ ਹਸਪਤਾਲ 'ਚੋਂ ਚਲੇ ਗਏ।
ਮੋਟੀ ਫੀਸ ਵਸੂਲਣ ਦੇ ਬਾਵਜੂਦ ਨਹੀਂ ਮਿਲਦੀਆਂ ਬੱਚਿਆਂ ਨੂੰ ਸਹੂਲਤਾਂ : ਨਵਦੀਪ ਸੰਘਾ
ਜ਼ਖ਼ਮੀ ਹੋਏ ਬੱਚਿਆਂ ਦਾ ਪਤਾ ਲੈਣ ਪੁੱਜੇ ਧਰਮਕੋਟ ਦੇ ਤਹਿਸੀਲਦਾਰ ਪਵਨ ਗੁਲਾਟੀ, ਵਿਧਾਇਕ ਡਾ. ਹਰਜੋਤ ਕਮਲ ਦੀ ਧਰਮਪਤਨੀ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨਵਦੀਪ ਸੰਘਾ, ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ, ਇੰਟਕ ਪ੍ਰਧਾਨ ਐਡਵੋਕੇਟ ਆਦਿ ਨੇ ਆ ਕੇ ਬੱਚਿਆਂ ਦਾ ਹਾਲ-ਚਾਲ ਪੁੱਛਣ ਤੋਂ ਇਲਾਵਾ ਦੁਰਘਟਨਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਸਕੂਲ ਇੰਨੀ ਮੋਟੀ ਫੀਸ ਤਾਂ ਲੈਂਦੇ ਹਨ ਪਰ ਉਨ੍ਹਾਂ ਨੂੰ ਸਹੂਲਤਾਂ ਨਹੀਂ ਦਿੰਦੇ ਸਕੂਲ ਪ੍ਰਬੰਧਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਕੂਲਾਂ 'ਚ ਦੇਸ਼ ਦਾ ਭਵਿੱਖ ਹੈ।