ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ’ਚ ਵਿਛਾਏ ਸੱਥਰ, ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

Sunday, Dec 11, 2022 - 06:12 PM (IST)

ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ’ਚ ਵਿਛਾਏ ਸੱਥਰ, ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਬਨੂੜ (ਗੁਰਪਾਲ) : ਬਨੂੜ ਤੋਂ ਤੇਪਲਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਬੀਤੀ ਦੇਰ ਰਾਤ ਇਕ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ ’ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ ਕੁ 11 ਵਜੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਨੌਜਵਾਨ ਬਨੂੜ ਤੋਂ ਤੇਪਲਾ ਵੱਲ ਨੂੰ ਜਾ ਰਹੇ ਸੀ। ਜਦੋਂ ਉਹ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਗੋਲਡਨ ਓਕ ਪੈਲੇਸ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ।

ਇਹ ਵੀ ਪੜ੍ਹੋ : ਸਰਹਾਲੀ ਥਾਣੇ ਪਹੁੰਚੀ ਐੱਨ. ਆਈ. ਏ. ਦੀ ਟੀਮ, ਗੈਂਗਸਟਰ ਲੰਡਾ ਸਮੇਤ ਕਈ ਸ਼ੱਕੀ ਨਿਸ਼ਾਨੇ ’ਤੇ

ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਚੁੱਕ ਕੇ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਦੂਜੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਹ ਵੀ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਕਾਕਾ ਸਿੰਘ ਪੁੱਤਰ ਜੰਗ ਸਿੰਘ ਪਿੰਡ ਪੱਖੋਵਾਲ ਥਾਣਾ ਚਮਕੌਰ ਸਾਹਿਬ ਤੇ ਅਮਨਜੋਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਬਸੀ ਗੁੱਜਰਾਂ ਥਾਣਾ ਚਮਕੌਰ ਸਾਹਿਬ (ਰੂਪਨਗਰ) ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਅਣਪਛਾਤੇ ਚਾਲਕ ਖਿਲਾਫ ਦਰਜ ਕਰ ਕੇ ਦੋਵੇਂ ਲਾਸ਼ਾ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ। ਇਸ ਹਾਦਸੇ ’ਚ ਮੋਟਰ ਸਾਈਕਲ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ।

ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ ’ਤੇ ਹੋਏ ਲਾਂਚਰ ਰਾਕਟ ਹਮਲੇ ’ਤੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News