ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਦੋ ਪਰਿਵਾਰਾਂ ਦੇ ਇਕਲੌਤੇ ਪੁੱਤਾਂ ਦੀ ਮੌਤ (ਤਸਵੀਰਾਂ)
Monday, Nov 13, 2017 - 06:54 PM (IST)

ਅਹਿਦਮਗੜ (ਪੁਰੀ, ਇਰਫਾਨ) : ਅਹਿਮਦਗੜ੍ਹ ਧੂਲਕੋਟ ਰੋਡ 'ਤੇ ਸੋਮਵਾਰ ਸਵੇਰੇ ਮੋਟਰਸਾਈਕਲ ਅਤੇ ਕਾਲਜ ਦੀ ਬੱਸ ਵਿਚਕਾਰ ਹੋਈ ਭਿਆਨਕ ਟੱਕਰ 'ਚ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮਾਜਰੀ ਦੇ ਦੋ ਲੜਕੇ ਅਹਿਮਦਗੜ੍ਹ ਤੋਂ ਪਿੰਡ ਜਾ ਰਹੇ ਸਨ। ਸੰਘਣੀ ਧੁੰਦ ਹੋਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਮਹਿਤਾਬ ਪੈਲੇਸ ਨੇੜੇ ਸਾਹਮਣੇ ਆ ਰਹੀ ਇਕ ਕਾਲਜ ਦੀ ਬੱਸ ਨਾਲ ਟਕਰਾਅ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਦੋਵੇਂ ਮ੍ਰਿਤਕ ਇੱਕਲੌਤ ਪੁੱਤਰ ਸਨ। ਗੁਰਵਿੰਦਰ ਸਿੰਘ (19) ਪੁੱਤਰ ਗੁਰਦਾਸ ਸਿੰਘ ਤੇ ਜਗਰਾਜ ਸਿੰਘ (17) ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਮਾਜਰੀ ਜੋ ਰੋਜ਼ਾਨਾ ਵਾਂਗ ਅਹਿਮਦਗੜ੍ਹ ਕੰਮ 'ਤੇ ਆਏ ਸਨ। ਇਸ ਦੌਰਾਨ ਕੁੱਝ ਸਾਮਾਨ ਘਰ ਭੁੱਲ ਆਉਣ ਕਾਰਨ ਦੋਬਾਰਾ ਪਿੰਡ ਜਾ ਰਹੇ ਸਨ ਕਿ ਦੋਵਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇਸ ਸਬੰਧੀ ਛਪਾਰ ਚੌਕੀ ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।