ਹੈਲਥ ਮਨਿਸਟਰੀ ਤੈਅ ਕਰੇਗੀ ਕਿ ਪੀ. ਜੀ. ਆਈ. ਹੋਸਟਲਾਂ ''ਚ ਏ. ਸੀ. ਚੱਲਣਗੇ ਜਾਂ ਨਹੀਂ
Monday, Aug 14, 2017 - 01:35 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ਰੈਜ਼ੀਡੈਂਟਸ ਹੋਸਟਲਾਂ 'ਚ ਚੱਲ ਰਹੇ ਨਾਜਾਇਜ਼ ਏਅਰ ਕੰਡੀਸ਼ਨਰ ਚੱਲਣਗੇ ਜਾਂ ਨਹੀਂ, ਇਸਦਾ ਫੈਸਲਾ ਹੁਣ ਹੈਲਥ ਮਨਿਸਟਰੀ ਵਲੋਂ ਕੀਤਾ ਜਾਵੇਗਾ। ਕਈ ਸਾਲਾਂ ਤੋਂ ਕੈਂਪਸ 'ਚ ਮੌਜੂਦ 5 ਹੋਸਟਲਾਂ 'ਚ ਡਾਕਟਰ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਏ. ਸੀ. ਦੀ ਵਰਤੋਂ ਕਰ ਰਹੇ ਹਨ। ਓਲਡ ਡਾਕਟਰ ਹੋਸਟਲ, ਵਿਆਹੁਤਾ ਡਾਕਟਰ ਹੋਸਟਲ, ਨਿਊ ਡਾਕਟਰ ਹੋਸਟਲ, ਸੰਜੀਵਨੀ ਤੇ ਕੈਰੋਂ ਬਲਾਕ ਦੇ ਹੋਸਟਲ 'ਚ ਰਹਿਣ ਵਾਲੇ ਡਾਕਟਰ ਚੋਰੀ ਬਿਜਲੀ ਯੰਤਰਾਂ ਦੀ ਵਰਤੋਂ ਕਰ ਰਹੇ ਹਨ, ਜੋ ਕਿ ਨਿਯਮਾਂ ਦੇ ਖਿਲਾਫ ਹੈ।
ਹੋਸਟਲ 'ਚ ਚੱਲ ਰਹੇ ਏ. ਸੀ. ਦਾ ਪਤਾ ਲੱਗਣ ਤੋਂ ਬਾਅਦ ਪੀ. ਜੀ. ਆਈ. ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਸੀ। ਸੂਤਰਾਂ ਅਨੁਸਾਰ ਪੀ. ਜੀ. ਆਈ. ਪ੍ਰਸ਼ਾਸਨ ਨੇ ਹੈਲਥ ਮਨਿਸਟਰੀ ਨੂੰ ਇਸ ਬਾਰੇ ਲਿਖਿਆ ਹੈ। ਹੁਣ ਮਨਿਸਟਰੀ ਹੀ ਤੈਅ ਕਰੇਗੀ ਕਿ ਹੋਸਟਲ 'ਚ ਬਿਜਲੀ ਉਪਕਰਨ ਚੱਲਣਗੇ ਜਾਂ ਨਹੀਂ। ਪੀ. ਜੀ. ਆਈ. ਕੈਂਪਸ 'ਚ ਮੌਜੂਦ ਸਾਰੇ ਹੋਸਟਲਾਂ 'ਚ ਕੁਲ 764 ਕਮਰੇ ਹਨ। ਸੂਤਰਾਂ ਅਨੁਸਾਰ 700 ਕਮਰਿਆਂ 'ਚ ਨਾਜਾਇਜ਼ ਢੰਗ ਨਾਲ ਏ. ਸੀ. ਲੱਗੇ ਹੋਏ ਹਨ।
ਏ. ਆਰ. ਡੀ. ਦਾ ਦਬਾਅ
ਪੀ. ਜੀ. ਆਈ. ਰੈਜ਼ੀਡੈਂਟਸ ਡਾਕਟਰ ਕਾਫੀ ਅਰਸੇ ਤੋਂ ਏ. ਸੀ. ਦੀ ਮੰਗ ਕਰ ਰਹੇ ਹਨ ਪਰ ਪੀ. ਜੀ. ਆਈ. ਨਿਯਮਾਂ ਅਨੁਸਾਰ ਇਸਦੀ ਮਨਾਹੀ ਹੈ। 2 ਮਹੀਨੇ ਪਹਿਲਾਂ ਹੀ ਪੀ. ਜੀ. ਆਈ. ਪ੍ਰਸ਼ਾਸਨ ਨੂੰ ਇਸ ਮਾਮਲੇ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਏ. ਆਰ. ਡੀ. ਪ੍ਰਸ਼ਾਸਨ 'ਤੇ ਇਸ ਮਾਮਲੇ ਨੂੰ ਲੈ ਕੇ ਦਬਾਅ ਪਾ ਰਿਹਾ ਹੈ ਕਿ ਉਨ੍ਹਾਂ ਨੂੰ ਏ. ਸੀ. ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਸੂਤਰਾਂ ਅਨੁਸਾਰ ਇਸ ਦਬਾਅ ਕਾਰਨ ਪੀ. ਜੀ. ਆਈ. ਪ੍ਰਸ਼ਾਸਨ ਨੇ ਹੈਲਥ ਮਨਿਸਟਰੀ ਨੂੰ ਇਸ ਮਾਮਲੇ 'ਤੇ ਫੈਸਲਾ ਲੈਣ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਕਿਉਂਕਿ ਜੇ ਫੈਸਲਾ ਉਨ੍ਹਾਂ ਦੇ ਹੱਕ 'ਚ ਨਾ ਆਇਆ ਤਾਂ ਉਹ ਮਨਿਸਟਰੀ ਖਿਲਾਫ ਕੁਝ ਨਹੀਂ ਕਹਿ ਸਕਣਗੇ।
ਕੀ ਕਹਿੰਦੇ ਹਨ ਨਿਯਮ
- ਕੋਈ ਵੀ ਡਾਕਟਰ ਹੋਸਟਲ ਰੂਮ 'ਚ ਕਿਸੇ ਵੀ ਤਰ੍ਹਾਂ ਦਾ ਬਿਜਲੀ ਯੰਤਰ ਨਹੀਂ ਵਰਤ ਸਕਦਾ।
- ਵਿਆਹੁਤਾ ਡਾਕਟਰਾਂ ਨੂੰ ਛੱਡ ਕੇ ਕੋਈ ਵੀ ਡਾਕਟਰ ਕਮਰੇ 'ਚ ਖਾਣਾ ਨਹੀਂ ਬਣਾ ਸਕਦਾ।
- ਏ. ਸੀ., ਹੀਟਰ ਤੇ ਬਿਜਲੀ ਦੀਆਂ ਹੈਵੀ ਚੀਜ਼ਾਂ ਦੀ ਵਰਤੋਂ 'ਤੇ ਮਨਾਹੀ ਹੈ।
- ਹੋਸਟਲ ਨਿਯਮਾਂ ਨੂੰ ਤੋੜਨ 'ਤੇ ਉੱਚਿਤ ਕਾਰਵਾਈ ਤੇ ਰੂਮ ਰੱਦ ਕੀਤਾ ਜਾ ਸਕਦਾ ਹੈ।
