ਪੁਲਸ ਮਹਿਕਮੇ ''ਚੋਂ ਗੈਰ-ਹਾਜ਼ਰ ''ਸਿਪਾਹੀ'' ਵਰਦੀ ਪਾ ਕੇ ਕਰ ਗਿਆ ਕਾਰਾ...

07/20/2020 3:58:37 PM

ਲੁਧਿਆਣਾ (ਰਿਸ਼ੀ) : ਦਸੰਬਰ-2019 ਤੋਂ ਗੈਰ-ਹਾਜ਼ਰ ਚੱਲ ਰਿਹਾ ਇਕ ਸਿਪਾਹੀ ਵਰਦੀ ਪਾ ਕੇ ਮੁਫਤ ’ਚ ਗੈਸ ਸਿਲੰਡਰ ਲੈ ਗਿਆ। ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ 4 ਦਿਨਾਂ ਬਾਅਦ ਦੋਸ਼ੀ ਨੂੰ ਦਬੋਚ ਕੇ ਉਸ ਦੇ ਖਿਲਾਫ ਧੋਖਾਦੇਹੀ ਦੇ ਦੋਸ਼ ’ਚ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਏ. ਡੀ. ਸੀ. ਪੀ. ਵਨ ਦੀਪਕ ਪਾਰਿਕ ਅਨੁਸਾਰ ਦੋਸ਼ੀ ਮੁਲਾਜ਼ਮ ਦੀ ਪਛਾਣ ਗੁਰਸ਼ਰਨ ਸਿੰਘ ਵਜੋਂ ਹੋਈ ਹੈ, ਜੋ ਸਰਾਭਾ ਨਗਰ ’ਚ ਬਣੇ ਕੁਆਰਟਰਾਂ ’ਚ ਰਹਿੰਦਾ ਹੈ ਅਤੇ ਦਸੰਬਰ ਮਹੀਨੇ ਤੋਂ ਪੁਲਸ ਮਹਿਕਮੇ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ। ਪੁਲਸ ਨੇ ਉਸ ਦੇ ਖਿਲਾਫ ਕੇ. ਸੀ. ਗੈਸ ਏਜੰਸੀ ਦੇ ਵਰਕਰ ਲਾਲ ਬਹਾਦਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ ਵਰਕਰ ਨੇ ਦੱਸਿਆ ਕਿ ਬੀਤੀ 14 ਜੁਲਾਈ ਨੂੰ ਦੁਪਹਿਰ 12.30 ਵਜੇ ਉਕਤ ਦੋਸ਼ੀ ਏਜੰਸੀ ’ਚ ਆਇਆ। ਉਹ ਖਾਲ੍ਹੀ ਸਿਲੰਡਰ ਦੇ ਕੇ ਭਰਿਆ ਹੋਇਆ ਲੈ ਗਿਆ। ਜਦੋਂ ਪੈਸੇ ਮੰਗੇ ਤਾਂ ਉਸ ਨੇ ਜਗਰਾਓਂ ਪੁਲ ਤੱਕ ਨਾਲ ਚੱਲਣ ਲਈ ਕਿਹਾ। ਵਰਦੀ ’ਚ ਮੁਲਾਜ਼ਮ ਹੋਣ ਕਾਰਣ ਵਰਕਰ ਨੇ ਵਿਸ਼ਵਾਸ ਕਰ ਲਿਆ ਅਤੇ ਆਪਣਾ ਇਕ ਕਰਿੰਦਾ ਨਾਲ ਭੇਜ ਦਿੱਤਾ। ਜਦੋਂ ਐਕਟਿਵਾ ਜਗਰਾਓਂ ਪੁਲ ’ਤੇ ਪੁਹੰਚੀ ਤਾਂ ਉਸ ਨੇ ਕਰਿੰਦੇ ਨੂੰ ਐਕਟਿਵਾ ਤੋਂ ਉਤਾਰ ਦਿੱਤਾ ਅਤੇ ਟ੍ਰੈਫਿਕ ਬੂਥ ’ਚ ਬੈਠੇ ਮੁਲਾਜ਼ਮਾਂ ਤੋਂ 620 ਰੁਪਏ ਫੜ੍ਹ ਕੇ ਲਿਆਉਣ ਲਈ ਕਿਹਾ ਅਤੇ ਖੁਦ ਸਿਲੰਡਰ ਲੈ ਕੇ ਫਰਾਰ ਹੋ ਗਿਆ। ਉੱਥੇ ਬੈਠੇ ਮੁਲਾਜ਼ਮਾਂ ਨੇ ਕੋਈ ਵੀ ਗੈਸ ਸਿਲੰਡਰ ਮੰਗਵਾਏ ਜਾਣ ਤੋਂ ਇਨਕਾਰ ਕੀਤਾ ਅਤੇ ਪੈਸੇ ਨਹੀਂ ਦਿੱਤੇ। ਖੁਦ ਨਾਲ ਠੱਗੀ ਹੋਣ ’ਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਨੇ ਸਮਾਰਟ ਸਿਟੀ ਦੇ ਕੈਮਰੇ ਰਾਹੀਂ ਪਛਾਣ ਕਰ ਕੇ ਦੋਸ਼ੀ ਨੂੰ ਦਬੋਚ ਲਿਆ। ਪੁਲਸ ਨੇ ਉਸ ਕੋਲੋਂ ਐਕਟਿਵਾ ਅਤੇ ਸਿਲੰਡਰ ਵੀ ਬਰਾਮਦ ਕਰ ਲਿਆ ਹੈ।
ਨਸ਼ਾ ਕਰਨ ਦਾ ਹੈ ਆਦੀ, ਪਿਤਾ ਕਰਵਾ ਚੁੱਕੈ ਇਲਾਜ
ਏ. ਸੀ. ਪੀ. ਵਰਿਆਮ ਸਿੰਘ ਮੁਤਾਬਕ ਦੋਸ਼ੀ 2012 'ਚ ਸਿਪਾਹੀ ਭਰਤੀ ਹੋਇਆ ਸੀ ਅਤੇ ਨਸ਼ਾ ਕਰਨ ਦਾ ਆਦੀ ਹੈ। ਇਸ ਕਾਰਣ ਅਜਿਹੀਆਂ ਹਰਕਤਾਂ ਕਰ ਰਿਹਾ ਹੈ। ਪਿਤਾ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾ ਚੁੱਕਾ ਹੈ ਤਾਂ ਕਿ ਨਸ਼ਾ ਛੱਡ ਸਕੇ।
 


Babita

Content Editor

Related News