ਵਿਦੇਸ਼ੋਂ ਆਈ ਇਕਲੌਤੇ ਪੁੱਤ ਦੀ ਲਾਸ਼, ਭਿੱਜੀਆਂ ਅੱਖਾਂ ਨਾਲ ਆਖਰੀ ਵਿਦਾਈ

09/16/2019 6:15:08 PM

ਮੋਹਾਲੀ (ਨਿਆਮੀਆਂ) : ਵਿਦੇਸ਼ ਜਾਣ ਦੀ ਹੋੜ ਪੰਜਾਬ ਵਿਚ ਹੀ ਨਹੀਂ ਸਗੋਂ ਨੇੜਲੇ ਸੂਬਿਆਂ ਵਿਚ ਵੀ ਇਕ ਬਿਹਤਰ ਭਵਿੱਖ ਜੀਣ ਦੀ ਆਸ ਵਜੋਂ ਨੌਜਵਾਨਾਂ ਦੀ ਅੱਖ ਦਾ ਸੁਪਨਾ ਬਣਿਆ ਹੋਇਆ ਹੈ। ਮਾਂ-ਪਿਉ ਪੂਰੀਆਂ ਰੀਝਾਂ ਨਾਲ ਆਪਣੇ ਜਵਾਨ ਪੁੱਤ-ਧੀ ਨੂੰ ਬਾਹਰ ਇਕ ਸੁਨਹਿਰੇ ਭਵਿੱਖ ਲਈ ਭੇਜਦੇ ਹਨ ਪਰ ਜੇ ਕਿਸੇ ਇਕਲੌਤਾ ਪੁੱਤ ਦੀ ਲਾਸ਼ ਵਿਦੇਸ਼ੋਂ ਆਵੇ ਤਾਂ ਮਾਂ-ਪਿਓ ਆਪ ਇਕ ਜ਼ਿੰਦਾ ਲਾਸ਼ ਬਣ ਕੇ ਰਹਿ ਜਾਂਦੇ ਹਨ। ਅਜਿਹਾ ਹਾਦਸਾ 23 ਸਾਲਾਂ ਦੇ ਅਭਿਸ਼ੇਕ ਨਾਂ ਦੇ ਨੌਜਵਾਨ ਨਾਲ ਹੋਇਆ ਜੋ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ।ਪਿਛਲੇ ਦਿਨੀਂ ਇਕ ਸੜਕ ਦੁਰਘਟਨਾ ਵਿਚ ਇਸ ਦੀ ਮੌਤ ਹੋ ਗਈ। 

ਐਤਵਾਰ ਅਭਿਸ਼ੇਕ ਨੂੰ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਭਿੱਜਿਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਅਭਿਸ਼ੇਕ ਦੇ ਪਿੰਡ ਦੀ ਰਹਿਣ ਵਾਲੀ ਬੀਬੀ ਦਵਿੰਦਰਪਾਲ ਕੌਰ ਨੇ ਹੈਲਪਿੰਗ ਹੈਪਲੈਸ”ਦੀ ਟੀਮ ਨਾਲ ਸੰਪਰਕ ਕਰਕੇ ਮੱਦਦ ਦੀ ਗੁਹਾਰ ਲਗਾਈ ਸੀ। ਇਸ ਸਬੰਧੀ ਸੰਸਥਾ ਦੇ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਤੇ ਕੈਨੇਡਾ ਤੋਂ ਸੰਸਥਾ ਦਾ ਸੰਚਾਲਕ ਕਾਰਜ ਸਾਭਣ ਵਾਲੇ ਬੀਬੀ ਰੁਪਿੰਦਰ ਕੌਰ ਦੇ ਯਤਨਾਂ ਸਦਕਾ 7 ਦਿਨਾਂ ਵਿਚ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਕੋਲ ਪਹੁੰਚਾਇਆ ਗਿਆ। ਇਸ ਕੰਮ ਵਿਚ ਕੈਨੇਡਾ ਦੇ ਵਿਦਿਆਰਥੀਆਂ ਨੇ ਪੂਰਾ ਸਾਥ ਦਿੱਤਾ। ਵਿਦੇਸ਼ ਵਿਚ ਵਸੀ ਅਭਿਸ਼ੇਕ ਦੇ ਪਿੰਡੋਂ ਬੀਬੀ ਹਰਦੀਪ ਕੌਰ ਨੇ ਆਪਣੇ ਪਤੀ ਜਗਜੀਤ ਸਿੰਘ ਗਿੱਲ ਨੇ ਆਰਥਿਕ ਸਹਾਇਤਾ ਵਿਚ ਪੂਰਾ ਯੋਗਦਾਨ ਪਾਇਆ। ਕੈਨੇਡਾ ਦੇ ਫਲੀਟਵੂਡ ਸ਼ਹਿਰ ਦੇ ਐੱਮ. ਐੱਲ. ਏ. ਜਗਰੂਪ ਬਰਾੜ ਨੇ ਨਾ ਸਿਰਫ ਸੰਸਥਾ ਹੈਲਪਿੰਗ ਹੈਪਲੈਸ ਦਾ ਸਾਥ ਦਿੰਦਿਆਂ ਆਪਣਾ ਸਮਾਂ ਦਿੱਤਾ ਸਗੋਂ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਸੰਸਥਾ ਨੂੰ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕੀਤੀ।


Gurminder Singh

Content Editor

Related News