ਇਹ ਕਿਹੋ ਜਿਹਾ ਇਨਸਾਫ, ਗਰਭਪਾਤ ਕਰਵਾਉਣ ਵਾਲੇ ਤਾਂ ਕਾਬੂ ਕਰ ਲਏ ਪਰ ਕਤਲ ਕਰਨ ਵਾਲਿਆਂ ''ਤੇ ਨਹੀਂ ਗਿਆ ਕਿਸੇ ਦਾ ਧਿਆਨ

08/19/2017 10:06:13 PM

ਪਠਾਨਕੋਟ (ਕੰਵਲ) — ਪਠਾਨਕੋਟ ਦੇ ਨਾਲ ਲਗਦੇ ਪਿੰਡ ਰਾਣੀਪੁਰ ਦੀ 6 ਮਹੀਨੇ ਦੀ ਗਰਭਵਤੀ ਮਹਿਲਾ ਦੀ ਬੀਤੇ ਦਿਨ ਪਠਾਨਕੋਟ ਦੇ ਅੱਡਾ ਸਰਨਾ 'ਚ ਪੈਂਦੇ ਇਕ ਨਿਜੀ ਹਸਪਤਾਲ 'ਚ ਗਰਭਪਾਤ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕਾ ਦੇ ਘਰ ਵਾਲਿਆਂ ਦੇ ਪ੍ਰਦਰਸ਼ਨ ਕਰਨ 'ਤੇ ਪੁਲਸ ਨੇ ਔਰਤ ਦੇ ਪਤੀ, ਸਹੁਰੇ ਤੇ ਨਨਾਣ 'ਤੇ ਮਾਮਲਾ ਦਰਜ ਕਰ ਲਿਆ ਸੀ। ਪਤੀ ਨੂੰ ਪੁਲਸ ਨੇ ਹਿਰਾਸਤ 'ਚੋਂ ਵੀ ਲੈ ਲਿਆ ਸੀ ਪਰ ਇਸ ਗੱਲ ਵੱਲ ਕਿਸੇ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ ਕਿ ਗਰਭਪਾਤ ਦੌਰਾਨ 2 ਲੋਕਾਂ ਦਾ ਕਤਲ ਹੋਇਆ।   
ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਹਸਪਤਾਲ ਦੇ ਉਨ੍ਹਾਂ ਕਰਮਚਾਰੀਆਂ ਦੀ ਵਜ੍ਹਾ ਨਾਲ ਹੋਇਆ ਜਿਨ੍ਹਾਂ ਨੇ ਮਹਿਲਾ ਦਾ ਗਰਭਪਾਤ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤੀ ਕਾਨੂੰਨ ਮੁਤਾਬਕ ਤੇ ਸਰਕਾਰ ਵਲੋਂ ਗਰਭਪਾਤ ਕਰਵਾਉਣਾ ਤੇ ਗਰਭਪਾਤ ਕਰਨਾ ਦੋਨੋਂ ਹੀ ਜ਼ੁਰਮ ਮੰਨੇ ਜਾਂਦੇ ਹਨ, ਜਿਸ ਦੇ ਤਹਿਤ ਦੋਨੋਂ ਹੀ ਸਜ਼ਾ ਦੇ ਹੱਕਦਾਰ ਹਨ ਪਰ ਇਸ ਕੇਸ 'ਚ ਪੁਲਸ ਨੇ ਗਰਭਪਾਤ ਕਰਵਾਉਣ ਵਾਲਿਆਂ 'ਤੇ ਤਾਂ ਮਾਮਲਾ ਦਰਜ ਕਰ ਲਿਆ ਪਰ ਜੋ ਗਰਭਪਾਤ ਕਰ ਰਹੇ ਸਨ ਤੇ ਜਿਨ੍ਹਾਂ ਦੀ ਵਜ੍ਹਾ ਨਾਲ  2 ਕਤਲ ਹੋਏ ਹਨ, ਉਨ੍ਹਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।
ਇਸ ਗੱਲ ਨੂੰ ਲੈ ਕੇ ਖੇਤਰ 'ਚ ਚਰਚਾ ਦਾ ਬਾਜ਼ਾਰ ਗਰਮਾਇਆ ਹੋਇਆ ਹੈ ਕਿਉਂਕਿ ਜਿਸ ਨਿਜੀ ਹਸਪਤਾਲ 'ਚ ਇਸ ਭਰੂਣ ਹੱਤਿਆ ਦੀ ਘਿਨੌਣੀ ਕਾਰਵਾਈ ਕੀਤੀ ਗਈ, ਉਥੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਮਲੇ 'ਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਣ 'ਤੇ ਲੋਕਾਂ 'ਚ ਹੈਰਾਨੀ ਦੇ ਨਾਲ-ਨਾਲ ਪ੍ਰਸ਼ਾਸਨ ਦੇ ਪ੍ਰਤੀ ਰੋਸ ਵੀ ਹੈ।
ਇਥੇ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਸ ਤੋਂ ਪਹਿਲਾ ਵੀ ਉਕਤ ਨਿਜੀ ਹਸਪਤਾਲ 'ਚ ਕਈ ਕੇਸ ਖਰਾਬ ਹੋ ਚੁੱਕੇ ਹਨ। ਇਹ ਗੱਲ ਵੀ ਬੇਹਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਉਕਤ ਹਸਪਤਾਲ  'ਚ ਡਿਗਰੀ ਪ੍ਰਾਪਤ ਡਾਕਟਰ ਦੇ ਇਲਾਵਾ ਉਹ ਵੀ ਖੁਦ ਨੂੰ ਡਾਕਟਰ ਕਹਿਲਾਉਂਦੇ ਹਨ, ਜੋ ਡਾਕਟਰੀ ਦੇ ਨਾਂ ਦਾ 
ਓ-ਅ ਵੀ ਨਹੀਂ ਜਾਣਦੇ। 
ਇਨ੍ਹਾਂ 'ਚੋਂ ਇਕ ਕਿਸੇ ਸਕੈਨਿੰਗ ਕਰਨ ਵਾਲੇ ਪਠਾਨਕੋਟ ਦੇ ਹਸਪਤਾਲ 'ਚ ਪਰਚੀ ਕੱਟਦਾ ਸੀ, ਦੂਜਾ ਕਿਸੇ ਨਿਜੀ ਹਸਪਤਾਲ 'ਚ ਪੀ. ਆਰ. ਓ. ਸੀ ਤੇ ਤੀਜਾ ਪਠਾਨਕੋਟ ਦੇ ਹੀ ਇਕ ਨਿਜੀ ਹਸਪਤਾਲ 'ਚ ਕਿਸੇ ਡਾਕਟਰ ਦੇ ਨਾਲ ਆਪਰੇਸ਼ਨ ਥਿਏਟਰ 'ਚ ਸਹਾਇਕ ਸੀ।  ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਲੋਕ ਆਪਣੀ ਚਾਂਦੀ ਕੁੱਟਣ ਦੇ ਚੱਕਰ 'ਚ ਲੋਕਾਂ ਦੀ ਜ਼ਿੰਦਗੀ ਤੋਂ ਖਿਲਵਾੜ ਕਰਦੇ ਰਹੇ ਤਾਂ ਫਿਰ ਕੀ ਫਾਇਦਾ ਹੈ ਅਜਿਹਾ ਕਾਨੂੰਨ ਬਨਾਉਣ ਦਾ?
ਸਰਕਾਰ ਤੇ ਪੁਲਸ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਡਾਕਟਰਾਂ 'ਤੇ ਵੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਦੀ ਵਜ੍ਹਾ ਨਾਲ 2 ਲੋਕਾਂ ਦੀ ਜਾਨ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੰਨ ਵੀ ਲਿਆ ਜਾਵੇ ਕਿ ਉਕਤ ਮਹਿਲਾ ਦੀ ਹਾਲਤ ਪਹਿਲਾਂ ਹੀ ਖਰਾਬ ਸੀ ਤਾਂ ਕੀ ਇਨ੍ਹਾਂ ਡਾਕਟਰਾਂ ਨੇ ਪਹਿਲਾਂ ਇਸ ਦੀ ਸਕੈਨਿੰਗ ਕਰਵਾਈ ਸੀ ਜਾਂ ਫਿਰ ਆਪਣੇ ਕਿਸ ਉੱਚ ਅਧਿਕਾਰੀ ਨੂੰ ਇਸ ਬਾਰੇ ਸੂਚਿਤ ਕੀਤਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ ਤੇ ਸਿਰਫ ਥੋੜੇ ਪੈਸਿਆਂ ਲਈ ਇਕ ਔਰਤ ਤੇ ਉਸ ਦੇ ਪੇਟ 'ਚ ਪਲ ਰਹੇ  ਨਵਜਾਤ ਬੱਚੇ ਦੀ ਜਾਨ ਚਲੀ ਗਈ। ਦੂਜੇ ਪਾਸੇ ਨਾ ਤਾਂ ਡਾਕਟਰਾਂ ਨੇ ਕਿਸੇ ਅਧਿਕਾਰੀ  ਨੂੰ ਇਹ ਦੱਸਿਆ ਕਿ ਇਸ ਮਹਿਲਾ ਦੇ ਪਰਿਵਾਰ ਵਾਲੇ ਉਨ੍ਹਾਂ ਕੋਲ ਗਰਭਪਾਤ ਕਰਵਾਉਣ ਆਏ ਸਨ, ਜੇਕਰ ਦੱਸਿਆ ਹੁੰਦਾ ਤਾਂ ਸ਼ਾਇਦ ਇਹ 2 ਕੀਮਤੀ ਜਾਨਾਂ ਬੱਚ ਜਾਂਦੀਆਂ।


Related News