ਫਾਇਨਾਂਸਰ ਦੇ ਬੇਟੇ ਦਾ ਕਤਲ, 36 ਦਿਨਾਂ ਬਾਅਦ ਕੰਕਾਲ ਦੀ ਹਾਲਤ ''ਚ ਮਿਲੀ ਲਾਸ਼

Saturday, Nov 23, 2019 - 09:21 AM (IST)

ਫਾਇਨਾਂਸਰ ਦੇ ਬੇਟੇ ਦਾ ਕਤਲ, 36 ਦਿਨਾਂ ਬਾਅਦ ਕੰਕਾਲ ਦੀ ਹਾਲਤ ''ਚ ਮਿਲੀ ਲਾਸ਼

ਅਬੋਹਰ (ਸੁਨੀਲ) : ਲਾਈਨ ਪਾਰ ਖੇਤਰ ਨਵੀਂ ਆਬਾਦੀ ਵਾਸੀ ਅਤੇ ਫਾਇਨਾਂਸਰ ਬਲਜਿੰਦਰ ਦੇ ਪੁੱਤਰ ਅਰਮਾਨ ਦੇ 17 ਅਕਤੂਬਰ ਨੂੰ ਲਾਪਤਾ ਹੋਣ ਦੀ ਗੁੱਥੀ ਆਖਿਰਕਾਰ ਉਸ ਸਮੇਂ 36 ਦਿਨਾਂ ਬਾਅਦ ਸੁਲਝ ਗਈ ਜਦੋਂ ਮਾਸੂਮ ਅਰਮਾਨ ਦੀ ਲਾਸ਼ ਸਥਾਨਕ ਮਲੋਟ ਰੋਡ ਓਬਰਬ੍ਰਿਜ ਨੇੜੇ ਸੜਕ ਕੰਢੇ ਜ਼ਮੀਨ 'ਚ ਦਫਨ ਕੀਤੀ ਮਿਲੀ। ਇਧਰ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸ਼ੁੱਕਰਵਾਰ ਸਵੇਰੇ ਅਰਮਾਨ ਦੀ ਲਾਸ਼ ਨੂੰ ਨਰ ਸੇਵਾ-ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਐੱਸ. ਡੀ. ਐੱਮ. ਪੂਨਮ ਸਿੰਘ, ਐੱਸ. ਪੀ. ਮਨਜੀਤ ਸਿੰਘ ਅਤੇ ਡੀ. ਐੱਸ. ਪੀ. ਰਾਹੁਲ ਭਾਰਦਵਾਜ ਦੀ ਮੌਜੂਦਗੀ ਹੇਠ ਬਾਹਰ ਕਢਵਾਇਆ ਅਤੇ ਹਸਪਤਾਲ ਦੀ ਮੋਰਚਰੀ 'ਚ ਰਖਵਾਈ। ਲਾਸ਼ ਕਾਫੀ ਗਲੀ-ਸੜੀ ਹੋਣ ਕਾਰਨ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਭੇਜਿਆ ਗਿਆ। ਪੂਰੇ ਘਟਨਾਕ੍ਰਮ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਉੱਚ ਅਧਿਕਾਰੀਆਂ ਨੇ ਬੀ. ਡੀ. ਪੀ. ਓ. ਦਫਤਰ 'ਚ ਪ੍ਰੈੱਸ ਕਾਨਫਰੰਸ ਬੁਲਾਈ।

PunjabKesari

ਪ੍ਰੈੱਸ ਕਾਨਫਰੰਸ 'ਚ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 17 ਅਕਤੂਬਰ ਨੂੰ ਸੁਨੀਲ ਕੁਮਾਰ ਉਰਫ ਸ਼ੀਲੂ ਪੁੱਤਰ ਸੋਹਨ ਲਾਲ ਵਾਸੀ ਅਜੀਮਗੜ੍ਹ ਅਤੇ ਪਵਨ ਕੁਮਾਰ ਉਰਫ ਅੰਕੀ ਪੁੱਤਰ ਫੂਲਚੰਦ ਵਾਸੀ ਮਾਡਰਨ ਪਬਲਿਕ ਸਕੂਲ ਅਜੀਮਗੜ੍ਹ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। 17 ਅਕਤੂਬਰ ਦੀ ਰਾਤ ਸੁਨੀਲ ਕੁਮਾਰ ਲੜਕੇ ਅਰਮਾਨ ਨੂੰ ਆਪਣੀ ਜਾਣ-ਪਛਾਣ ਦਾ ਫਾਇਦਾ ਚੁੱਕਦੇ ਹੋਏ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਸ਼ਹਿਰ ਵੱਲ ਲੈ ਗਿਆ ਸੀ, ਜਿਥੇ ਪਵਨ ਕੁਮਾਰ ਨੇ ਅਰਮਾਨ ਨੂੰ ਕਾਰ 'ਚ ਬਿਠਾਇਆ ਅਤੇ ਫਿਰ ਇਹ ਉਸ ਨੂੰ ਸੀਤੋ ਰੋਡ 'ਤੇ ਇਕ ਕਿਰਾਏ ਦੇ ਮਕਾਨ 'ਚ ਲੈ ਗਏ ਅਤੇ ਉਸ ਨੂੰ ਬੰਦੀ ਬਣਾ ਕੇ ਉਸ ਦੀ ਫੋਟੋ ਅਤੇ ਵੀਡੀਓ ਬਣਾਉਂਦੇ ਹੋਏ ਉਸ ਦੇ ਕੁਝ ਕਾਗਜ਼ਾਂ 'ਤੇ ਹਸਤਾਖਰ ਕਰਵਾਏ ਅਤੇ ਬਾਅਦ 'ਚ ਫੜੇ ਜਾਣ ਦੇ ਡਰ ਤੋਂ 19-20 ਅਕਤੂਬਰ ਦੀ ਰਾਤ ਨੂੰ ਇਨ੍ਹਾਂ ਨੇ ਅਰਮਾਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਮਲੋਟ ਰੋਡ ਫਲਾਈਓਵਰ ਹੇਠਾਂ ਬੇਆਬਾਦ ਕਾਲੋਨੀ ਦੀਆਂ ਝਾੜੀਆਂ 'ਚ ਟੋਇਆ ਪੁੱਟ ਕੇ ਦਫਨਾ ਦਿੱਤੀ।

3 ਨਵੰਬਰ ਨੂੰ ਅਰਮਾਨ ਸੰਧੂ ਦੇ ਪਿਤਾ ਬਲਜਿੰਦਰ ਸਿੰਘ ਸੰਧੂ ਨੂੰ ਉਸ ਦੇ ਬੇਟੇ ਨੂੰ ਛੱਡਣ ਦੇ ਇਵਜ 'ਚ ਇਨ੍ਹਾਂ ਮੁਲਜ਼ਮਾਂ ਵੱਲੋਂ ਮੰਗੀ ਗਈ 2 ਕਰੋੜ ਦੀ ਫਿਰੌਤੀ ਸਬੰਧੀ ਇਕ ਚਿੱਠੀ ਪ੍ਰਾਪਤ ਹੋਈ। ਇਸ ਲਈ ਮੁਲਜ਼ਮਾਂ ਨੇ ਇਕ ਫੇਸਬੁੱਕ ਆਈ. ਡੀ. ਦਾ ਇਸਤੇਮਾਲ ਕੀਤਾ। ਪੁਲਸ ਵੱਲੋਂ ਕੀਤੀ ਗਈ ਟੈਕਨੀਕਲ ਜਾਂਚ-ਪੜਤਾਲ ਦੌਰਾਨ ਸ਼ੱਕ ਦੇ ਘੇਰੇ 'ਚ ਆਏ ਸੁਨੀਲ ਕੁਮਾਰ ਬਾਰੇ ਪੁਲਸ ਨੂੰ 21 ਨਵੰਬਰ ਨੂੰ ਜਦੋਂ ਬਲਜਿੰਦਰ ਤੋਂ ਪਤਾ ਲੱਗਾ ਕਿ ਉਸ ਦਾ ਸੁਨੀਲ ਨਾਲ 30-35 ਲੱਖ ਰੁਪਏ ਦਾ ਲੈਣ-ਦੇਣ ਹੈ ਤਾਂ ਉਨ੍ਹਾਂ ਨੇ ਸ਼ੱਕ ਦੇ ਆਧਾਰ 'ਤੇ ਸੁਨੀਲ ਨੂੰ ਕਾਬੂ ਕਰਨ ਲਈ ਅਬੋਹਰ ਸਬ-ਡਵੀਜ਼ਨ ਏਰੀਏ 'ਚ ਨਾਕਾਬੰਦੀ ਕਰਵਾਈ। 22 ਨਵੰਬਰ ਦੀ ਰਾਤ ਸੀ. ਆਈ. ਏ. ਸਟਾਫ ਫਾਜ਼ਿਲਕਾ ਦੇ ਇੰਸਪੈਕਟਰ ਜਗਦੀਸ਼ ਕੁਮਾਰ ਨੇ ਆਲਮਗੜ੍ਹ ਚੌਕ ਨੇੜੇ ਸੁਨੀਲ ਕੁਮਾਰ ਅਤੇ ਪਵਨ ਕੁਮਾਰ ਨੂੰ ਇਕ ਆਲਟੋ ਗੱਡੀ ਵਿਚੋਂ ਕਾਬੂ ਕਰ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਮੋਬਾਇਲ ਬਰਾਮਦ ਹੋਇਆ, ਜਿਸ ਨੂੰ ਚੈੱਕ ਕਰਨ 'ਤੇ ਫੇਸਬੁੱਕ ਆਈ. ਡੀ. ਅਤੇ ਅਰਮਾਨ ਦੀ ਫੋਟੋ, ਵੀਡੀਓ ਅਤੇ ਫਿਰੌਤੀ ਮੰਗਣ ਲਈ ਕੀਤੀ ਚੈਟ ਮਿਲੀ। ਜਦੋਂ ਉਨ੍ਹਾਂ ਸੁਨੀਲ ਅਤੇ ਪਵਨ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।


author

cherry

Content Editor

Related News