ਆਵਾਰਾ ਕੁੱਤਿਆਂ ਦਾ ਕਹਿਰ, ਇਕੋਂ ਰਾਤ ਕਾਲਾ ਹਿਰਨ ਤੇ ਨੀਲ ਗਊ ਨੂੰ ਬਣਾਇਆ ਸ਼ਿਕਾਰ

10/14/2019 11:41:15 AM

ਅਬੋਹਰ (ਸੁਨੀਲ) - ਓਪਨ ਸੈਂਚੁਰੀ 'ਚ ਪੈਂਦੇ ਦੋ ਪਿੰਡਾਂ 'ਚ ਬੀਤੀ ਰਾਤ ਕੁੱਤਿਆਂ ਨੇ ਇਕ ਕਾਲੇ ਹਿਰਨ ਤੇ ਇਕ ਨੀਲ ਗਊ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਨ੍ਹਾਂ ਘਟਨਾਵਾਂ ਨਾਲ ਬਿਸ਼ਨੋਈ ਸਮਾਜ 'ਚ ਪ੍ਰਸ਼ਾਸਨ ਅਤੇ ਵਿਭਾਗ ਖਿਲਾਫ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਸੋਮਵਾਰ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਕਾਰਜਕਾਰੀ ਅੱਗੇ ਧਰਨਾ ਲਾਉਣ ਦਾ ਫੈਸਲਾ ਕੀਤਾ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਿੰਡ ਰਾਏਪੁਰਾ ਨਿਵਾਸੀ ਮਾਂਗੀਰਾਮ ਪੁੱਤਰ ਹੇਤਰਾਮ ਦੇ ਖੇਤ 'ਚ ਕੁਝ ਖੂੰਖਾਰ ਕੁੱਤਿਆਂ ਨੇ ਕਾਲੇ ਹਿਰਨ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਜਦੋਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਕਰਮਚਾਰੀਆਂ ਨੂੰ ਦਿੱਤੀ। ਬਲਾਕ ਅਫਸਰ ਅਨੀਤਾ ਅਤੇ ਵਣ ਗਾਰਡ ਜਸਪਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਕਾਲੇ ਹਿਰਨ ਨੂੰ ਆਪਣੇ ਦਫਤਰ 'ਚ ਲੈ ਆਏ, ਜਿਸ ਦੀ ਜਾਣਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਵਣ ਰੇਂਜ ਅਫਸਰ ਮਲਕੀਤ ਸਿੰਘ ਨੇ ਤਿੰਨ ਡਾਕਟਰਾਂ ਦੀ ਟੀਮ ਬੁਲਾਈ।

ਦੱਸ ਦੇਈਏ ਕਿ ਡਾ. ਅਮਿਤ ਨੈਨ, ਡਾ. ਮਾਨਵ ਬਿਸ਼ਨੋਈ ਅਤੇ ਯੋਗੇਸ਼, ਜੋ ਅੱਜ ਸਵੇਰੇ ਹਿਰਨ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਨੂੰ ਦਫਨਾਉਣ ਦਾ ਕੰਮ ਕਰ ਰਹੇ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪਿੰਡ ਪਤਰੇਵਾਲਾ 'ਚ ਬੀਤੀ ਰਾਤ ਕੁੱਤਿਆਂ ਨੇ ਇਕ ਨੀਲ ਗਊ ਨੂੰ ਮਾਰ ਦਿੱਤਾ। ਸੂਚਨਾ ਮਿਲਦਿਆਂ ਹੀ ਵਣ ਰੇਂਜ ਅਧਿਕਾਰੀ ਮਲਕੀਤ ਸਿੰਘ, ਬਲਾਕ ਅਫਸਰ ਅਨੀਤਾ ਰਾਣੀ, ਜਸਪਿੰਦਰ ਸਿੰਘ ਅਤੇ ਸਾਰਜ ਸਿੰਘ ਮੌਕੇ 'ਤੇ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਦੂਜੇ ਪਾਸੇ ਬਿਸ਼ਨੋਈ ਸਮਾਜ ਦੇ ਆਰ. ਡੀ. ਬਿਸ਼ਨੋਈ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਇਨ੍ਹਾਂ ਘਟਨਾਵਾਂ 'ਤੇ ਚਿੰਤਾ ਜਤਾਉਂਦੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਦੋ ਬੇਸਹਾਰਾ ਜਾਨਵਰਾਂ ਨੂੰ ਕੁੱਤਿਆਂ ਵਲੋਂ ਮਾਰ ਦੇਣ ਦੀਆਂ ਘਟਨਾਵਾਂ ਬੇਹੱਦ ਗੰਭੀਰ ਸਮੱਸਿਆ ਹੈ। ਆਰ. ਡੀ. ਬਿਸ਼ਨੋਈ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿਰੁੱਧ ਰੋਸ ਜਤਾਉਂਦੇ ਕਿਹਾ ਕਿ ਇਸ ਵਿਭਾਗ ਦੇ ਅਧਿਕਾਰੀ ਸਿਰਫ ਖਾਨਾਪੂਰਤੀ ਕਰਦੇ ਹਨ ਅਤੇ ਘਟਨਾ ਦੀ ਜਾਣਕਾਰੀ ਮਿਲਣ 'ਤੇ ਨਹੀਂ ਪਹੁੰਚਦੇ। ਜ਼ਖਮੀ ਜਾਨਵਰਾਂ ਨੂੰ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਵਿਰੋਧ 'ਚ ਸੋਮਵਾਰ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਖਿਲਾਫ ਧਰਨਾ ਦਿੱਤਾ ਜਾਵੇਗਾ।

ਇਸ ਬਾਰੇ ਰੇਂਜ ਅਫਸਰ ਮਲਕੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਉਹ ਦੋਵੇਂ ਘਟਨਾਵਾਂ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਗਏ ਅਤੇ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਇਸਦੀ ਸੂਚਨਾ ਵਿਭਾਗੀ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਇਲਾਵਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਉਹ ਡੀ. ਸੀ. ਸਾਹਿਬ ਨਾਲ ਉਨ੍ਹਾਂ ਨੂੰ ਜਗ੍ਹਾ ਦਿਵਾਉਣ ਦੀ ਮੰਗ ਕਰ ਚੁੱਕੇ ਹਨ ਤਾਂ ਜੋ ਜ਼ਖਮੀ ਜਾਨਵਰਾਂ ਦੇ ਇਲਾਜ ਅਤੇ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਸਕੇ ਪਰ ਉਨ੍ਹਾਂ ਨੇ ਅਜੇ ਤੱਕ ਜਗ੍ਹਾ ਉਪਲਬਧ ਨਹੀਂ ਕਰਵਾਈ। ਉਨ੍ਹਾਂ ਦੱਸਿਆ ਕਿ ਹੁਣ ਖੁਦ ਪਿੰਡ ਖੈਰਪੁਰ 'ਚ 10 ਏਕੜ ਜਗ੍ਹਾ ਖਰੀਦ ਕੇ ਸੈਂਟਰ ਖੋਲ੍ਹਣਗੇ ਤਾਂ ਕਿ ਜ਼ਖਮੀ ਹੋਣ ਵਾਲੇ ਜਾਨਵਰਾਂ ਦਾ ਇਲਾਜ ਕੀਤਾ ਜਾ ਸਕੇ।


rajwinder kaur

Content Editor

Related News